ਪੱਤਰ ਪ੍ਰੇਰਕ
ਲੰਬੀ, 22 ਸਤੰਬਰ
ਘੁਮਿਆਰਾ ’ਚ ਸ਼ਰਾਬ ਪੀਣ ਦੇ ਆਦੀ ਅਤੇ ਔਰਤਾਂ ਨੂੰ ਤੱਕਣ ਅਤੇ ਬੇਵਜ੍ਹਾ ਟਿੱਪਣੀਆਂ ਕਰਨ ਵਾਲੇ ਇਕ ਵਿਅਕਤੀ ਨੂੰ ਲੋਕਾਂ ਨੇ ਬਾਹਾਂ ਤੋਂ ਡਾਂਗ ਨਾਲ ਬੰਨ੍ਹ ਕੇ ਤੇ ਉਸ ਦਾ ਮੂੰਹ ਕਾਲਾ ਕਰ ਕੇ ਸੜਕ ’ਤੇ ਪਿੰਡ ਅੰਦਰ ਘੁਮਾਇਆ। ਘਟਨਾ ਦੇ ਵੀਡੀਓ ਕਲਿੱਪ ਖੂਬ ਵਾਇਰਲ ਹੋ ਰਹੇ ਹਨ। ਇਹ ਘਟਨਾ ਕੁਝ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਪੰਚਾਇਤ ’ਚ ਪਿੰਡ ਵਾਸੀਆਂ ਨਾਲ ਬਦਸਲੂਕੀ ਕਰਨ ’ਤੇ ਉਸ ਨੂੰ ਕਿੱਲਿਆਂਵਾਲੀ ਚੌਕੀ ਨੂੰ ਸੌਂਪਿਆ ਗਿਆ ਸੀ।
ਜਾਣਕਾਰੀ ਅਨੁਸਾਰ ਇਹ ਵਿਅਕਤੀ ਕਿਸੇ ਦੇ ਘਰ ਗ਼ਲਤ ਨਿਯਤ ਨਾਲ ਵੜ ਗਿਆ ਸੀ। ਉਸ ਦੀਆਂ ਨਿੱਤ ਦੀਆਂ ਆਪਹੁਦਰੀਆਂ ਤੋਂ ਪ੍ਰੇਸ਼ਾਨ ਲੋਕਾਂ ਨੇ ਉਸ ਨੂੰ ਫੜ ਕੇ ਬੰਨ੍ਹ ਲਿਆ ਤੇ ਔਰਤਾਂ ਨੇ ਉਸ ਦੀ ਛਿੱਤਰ ਪਰੇਡ ਕੀਤੀ। ਮਗਰੋਂ ਡਾਂਗਾਂ ਨਾਲ ਬੰਨ੍ਹ ਕੇ ਉਸ ਨੂੰ ਪਿੰਡ ’ਚ ਘੁਮਾਇਆ ਗਿਆ। ਉਸ ਦੇ ਤਪਾਏ ਕਿਸੇ ਬੰਦੇ ਨੇ ਉਸ ਦਾ ਮੂੰਹ ਵੀ ਕਾਲਾ ਕਰ ਦਿੱਤਾ।
ਘੁਮਿਆਰਾ ਦੇ ਸਰਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਘਟਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਪਿੰਡ ਵਾਸੀਆਂ ਅਤੇ ਉਸ ਵਿਅਕਤੀ ਨੂੰ ਬੁਲਾਇਆ ਸੀ। ਉੱਥੇ ਵੀ ਪੰਚਾਇਤ ’ਚ ਉਹ ਪਿੰਡ ਵਾਸੀਆਂ ਨੂੰ ਉਲਟਾ- ਸਿੱਧਾ ਬੋਲਣ ਲੱਗਿਆ। ਇਸ ’ਤੇ ਪਿੰਡ ਵਾਸੀ ਭੜਕ ਗਏ ਤੇ ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਬੁਲਾਇਆ। ਚੌਕੀ ਪੁਲੀਸ ਦੇ ਮੁਖੀ ਪ੍ਰੇਮ ਚੰਦ ਨੇ ਕਿਹਾ ਕਿ ਸਬੰਧਤ ਵਿਅਕਤੀ ਵੱਲੋਂ ਲਿਖਤੀ ਗ਼ਲਤੀ ਮੰਨਣ ਮਗਰੋਂ ਦੋਵਾਂ ਧਿਰਾਂ ’ਚ ਰਾਜ਼ੀਨਾਮਾ ਹੋ ਗਿਆ।