ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਕਤੂਬਰ
ਤਿਉਹਾਰਾਂ ਦੇ ਮੱਦੇਨਜ਼ਰ ਵੀ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਵਿਗੜੀ ਹੋਈ ਹੈ। ਅਨੇਕਾਂ ਪਾਸੇ ਗੰਦਗੀ ਪਈ ਹੋਈ ਹੈ। ਨਗਰ ਕੌਂਸਲ ਦੇ ਨੱਕ ’ਤੇ ਸਫ਼ਾਈ ਦੇ ਮਾੜੇ ਹਾਲ ਬਾਰੇ ਵੀ ਕੋਈ ਅਸਰ ਨਹੀਂ ਹੋ ਰਿਹਾ ਹੈ। ਸ਼ਹਿਰ ਦੇ 27 ਵਾਰਡਾਂ ’ਚੋਂ ਇੱਕ ਵਾਰਡ ਵਿੱਚ ਸਫਾਈ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਗੰਦਗੀ ਫੈਲੀ ਹੋਈ ਹੈ। ਸਫ਼ਾਈ ਸਬੰਧੀ ਕੋਈ ਸੁਣਵਾਈ ਨਹੀਂ, ਭਾਵੇਂ ਲੋਕ ਕੌਂਸਲਰ ਨੂੰ ਮਿਲ ਲੈਣ ਤੇ ਭਾਵੇਂ ਐੱਸਡੀਐੱਮ ਕੋਲ ਰੌਣਾ ਰੋ ਲੈਣ। ਬੇਸ਼ੱਕ ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਕੁਝ ਦਿਨਾਂ ਪਹਿਲਾਂ ਪ੍ਰਧਾਨ ਮੰਤਰੀ ਤਰਜ਼ ’ਤੇ ਇੱਕ ਸਫਾਈ ਮੁਹਿੰਮ ਆਰੰਭ ਕੀਤੀ ਗਈ ਸੀ, ਪਰ ਉਸ ਮੁਹਿੰਮ ਵਿੱਚ ਸਿਵਾਏ ਫੋਟੋਆਂ ਖਿੱਚਣ ਤੋਂ ਹੋਰ ਕੁਝ ਵੀ ਨਹੀਂ ਹੋ ਸਕਿਆ ਹੈ। ਹੁਣ ਵੀ ਕਈ ਧਿਰਾਂ ਅਜਿਹੀਆਂ ਸਫ਼ਾਈ ਮੁਹਿੰਮਾਂ ਸ਼ਹਿਰ ਵਿੱਚ ਸ਼ੁਰੂ ਤਾਂ ਕਰ ਰਹੀਆਂ ਹਨ, ਪਰ ਸਾਰਥਕ ਨਤੀਜੇ ਕਿਧਰੇ ਵੀ ਵਿਖਾਈ ਨਹੀਂ ਦਿੰਦੇ ਹਨ। ਗਲੀਆਂ ਵਿੱਚ ਕਈ-ਕਈ ਦਿਨਾਂ ਤੋਂ ਗਲੀਆਂ ਦੀ ਸਫ਼ਾਈ ਕਰਨ ਵਾਲਾ ਕੋਈ ਸੇਵਾਦਾਰ ਆਇਆ ਹੀ ਨਹੀਂ। ਸ਼ਹਿਰ ਵਿਚਲੀਆਂ ਗਲੀਆਂ ਤੋਂ ਇਲਾਵਾ ਮੁੱਖ ਬਾਜ਼ਾਰਾਂ ਵਿਚ ਵੀ ਗੰਦਗੀ ਦੇ ਢੇਰ ਲੱਗੇ ਪਏ ਹਨ।
ਇਸੇ ਦੌਰਾਨ ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ ਨੇ ਕਿਹਾ ਕਿ ਸ਼ਹਿਰ ਦੇ ਹਰ ਹਿੱਸੇ ਦੀ ਸਫ਼ਾਈ ਹੋ ਰਹੀ ਹੈ ਅਤੇ ਕਈ ਥਾਵਾਂ ’ਤੇ ਸੀਵਰੇਜ ਦੀ ਲੀਕੇਜ ਹੋਣ ਨਾਲ ਗਲੀਆਂ-ਨਾਲੀਆਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਬਕਾਇਦਾ ਜਾਣੂ ਕਰਵਾਇਆ ਗਿਆ ਹੈ। ਮਾਨਸਾ ਸ਼ਹਿਰ ਵਿੱਚ ਸਫ਼ਾਈ ਦੇ ਮਾੜੇ ਪ੍ਰਬੰਧਾਂ ਅਤੇ ਸੀਵਰੇਜ ਦੇ ਲਗਾਤਾਰ ਓਵਰਫਲੋਅ ਹੋ ਰਹੇ ਗੰਦੇ ਪਾਣੀ ਸਬੰਧੀ ਮਾਨਸਾ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੂੰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਜ਼ਿਲ੍ਹਾ ਪੱਧਰੀ ਸ਼ਹਿਰ ਵਿੱਚ ਮਾੜੇ ਹਾਲ ਲਈ ਜਿੰਮੇਵਾਰੀ ਅਧਿਕਾਰੀਆਂ ਖਿਲਾਫ਼ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ।