ਲਖਵਿੰਦਰ ਸਿੰਘ
ਮਲੋਟ, 25 ਅਪਰੈਲ
ਸਥਾਨਕ ਅਨਾਜ ਮੰਡੀ ’ਚ ਚੁਕਾਈ ਬੰਦ ਹੋਣ ਕਰ ਕੇ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ। ਇਹ ਅੰਬਾਰ ਦਾਣਾ ਮੰਡੀ ਦੇ ਸ਼ੈੱਡਾਂ ਹੇਠ ਹੀ ਨਹੀਂ, ਸਗੋਂ ਖੁੱਲ੍ਹੇ ਆਸਮਾਨ ਹੇਠ ਲੱਗੇ ਹਨ। ਹਨੇਰੇ-ਸਵੇਰੇ ਜੇ ਮੀਂਹ ਪੈਂਦਾ ਹੈ ਤਾਂ ਪਿਛਲੀ ਵਾਰ ਦੀ ਤਰ੍ਹਾਂ ਸਾਰਾ ਅਨਾਜ ਭਿੱਜ ਕੇ ਬਦਬੂ ਮਾਰਨ ਲੱਗੇਗਾ। ਇਸ ਵੇਲੇ ਮੰਡੀ ਦੇ ਹਾਲਾਤ ਇਹ ਹਨ ਕਿ ਕਿਤੇ ਵੀ ਅਜਿਹੀ ਥਾਂ ਨਹੀਂ, ਜਿੱਥੇ ਕਿਸਾਨ ਆਪਣੀ ਫ਼ਸਲ ਢੇਰੀ ਕਰ ਸਕਣ, ਰਸਤੇ ਵੀ ਤੰਗ ਹੋ ਚੁੱਕੇ ਹਨ, ਮੰਡੀ ’ਚ ਸਾਰੇ ਪਾਸੇ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ।
ਖ਼ਰੀਦ ਨਾਲ ਜੁੜੇ ਕੁੱਝ ਸੂਤਰਾਂ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰੀ ਖ਼ਰੀਦ ਏਜੰਸੀਆਂ ਵੱਲੋਂ ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ ’ਚੋਂ ਲਏ ਕਣਕ ਦੇ ਨਮੂਨਿਆਂ ਦੀ ਰਿਪੋਰਟ ਵਿੱਚ ਦੇਰੀ ਕਰ ਕੇ ਵੀ ਕਿਤੇ ਨਾ ਕਿਤੇ ਚੁਕਾਈ ਪ੍ਰਭਾਵਿਤ ਹੋਈ ਹੈ। ਇਸ ਵਾਰ ਗਰਮੀ ਸਮੇਂ ਤੋਂ ਪਹਿਲਾਂ ਪੈਣ ਕਰ ਕੇ ਕਣਕ ਦਾ ਦਾਣਾ ਪੂਰਾ ਅਕਾਰ ਨਹੀਂ ਲੈ ਸਕਿਆ, ਜਿਸ ਨਾਲ ਝਾੜ ਅਤੇ ਗੁਣਵੱਤਾ ’ਤੇ ਅਸਰ ਪਿਆ ਹੈ। ਕੇਂਦਰੀ ਏਜੰਸੀਆਂ ਇਸ ਮਸਲੇ ਵਿੱਚ ਰਿਆਇਤ ਦਿੰਦੀਆਂ ਹਨ, ਜਾਂ ਨਹੀਂ ਦਿੰਦੀਆਂ, ਇਸ ਸਬੰਧੀ ਰਿਪੋਰਟ ਆਉਣ ਉਪਰੰਤ ਹੀ ਚੁਕਾਈ ਸੰਚਾਰੂ ਢੰਗ ਤਰੀਕੇ ਨਾਲ ਸ਼ੁਰੂ ਹੋਵੇਗੀ।
ਦੂਜੇ ਪਾਸੇ, ਜੇ ਉਸ ਤੋਂ ਪਹਿਲਾਂ ਖੁੱਲ੍ਹੇ ਆਸਮਾਨ ਹੇਠਾਂ ਪਏ ਲੱਖਾਂ ਟਨ ਅਨਾਜ ’ਤੇ ਮੀਂਹ ਪੈ ਜਾਂਦਾ ਹੈ ਤਾਂ ਅਨਾਜ ਦੀ ਗੁਣਵੱਤਾ ਉਸ ਤੋਂ ਥੱਲੇ ਚਲੀ ਜਾਵੇਗੀ, ਜਿਸ ਦੀ ਜ਼ਿੰਮੇਵਾਰ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਹੀ ਹੋਵੇਗੀ ਕਿਉਂਕਿ ਉਸ ਨੇ ਅਨਾਜ ਦੀ ਗੁਣਵੱਤਾ ਅਤੇ ਉਸ ’ਚ ਰਿਆਇਤ ਦੇਣ ਦੇ ਫ਼ੈਸਲੇ ’ਚ ਬੇਲੋੜੀ ਦੇਰੀ ਕੀਤੀ ਹੈ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।