ਜੋਗਿੰਦਰ ਸਿੰਘ ਮਾਨ
ਮਾਨਸਾ, 6 ਜੂਨ
ਪੰਜਾਬ ਅਤੇ ਹਰਿਆਣਾ ਵਿੱਚ ਮਈ ਮਹੀਨੇ ਤੋਂ ਸ਼ੁਰੂ ਹੋਇਆ ਗਰਮੀ ਦਾ ਕਹਿਰ ਜੂਨ ਵਿੱਚ ਵੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਭਾਵੇਂ ਦੇਸ਼ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ, ਪਰ ਇਸ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਵਿੱਚ ਅਜੇ ਪਹੁੰਚਣ ਵਿੱਚ ਦੋ ਹਫ਼ਤਿਆਂ ਦਾ ਸਮਾਂ ਪਿਆ ਹੈ, ਜਿਸ ਤੋਂ ਜਾਪਦਾ ਹੈ ਕਿ ਅਗਲੇ ਦਿਨਾਂ ਦੌਰਾਨ ਸਖ਼ਤ ਗਰਮੀ ਦਾ ਸੰਤਾਪ ਝੱਲਣਾ ਪਵੇਗਾ। ਰਾਜ ਵਿੱਚ ਅਗਲੇ ਦੋ ਦਿਨ ਪਾਰਾ ਹੋਰ ਉਪਰ ਜਾਣ ਦੀ ਸੂਚਨਾ ਹੈ। ਬਹੁਤੇ ਜ਼ਿਲ੍ਹਿਆਂ ਵਿੱਚ ਅੱਜ ਵੀ ਤਾਪਮਾਨ ਲਗਪਗ 45 ਡਿਗਰੀ ਅਤੇ ਇਸ ਤੋਂ ਵੱਧ ਰਹਿਣ ਦੀਆਂ ਖ਼ਬਰਾਂ ਮਿਲੀਆਂ ਹਨ।
ਲਗਾਤਾਰ ਵੱਧ ਰਹੇ ਤਾਪਮਾਨ ਅਤੇ ਤਿੱਖੀ ਧੁੱਪ ਨੇ ਧਰਤੀ ਨੂੰ ਰਾੜ੍ਹ ਧਰਿਆ ਹੈ। ਅੱਜ ਦਾ ਦਿਨ ਲੁਧਿਆਣਾ ਬਠਿੰਡਾ ਵਿੱਚ ਸਭ ਤੋਂ ਗਰਮ ਮੰਨਿਆ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ਦੌਰਾਨ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਰਾਜ ਵਿੱਚ ਲਗਾਤਾਰ ਵੱਧ ਰਹੀ ਗਰਮੀ ਕਾਰਨ ਸੂਬੇ ਦੇ ਲੋਕ ਬੁਰੀ ਤਰ੍ਹਾਂ ਤਪੇ ਪਏ ਹਨ। ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਤਾਪਮਾਨ 45 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਅਤੇ ਕਈ ਥਾਂਵਾਂ ’ਤੇ 46 ਡਿਗਰੀ ਦੇ ਨੇੜੇ ਵੀ ਤਾਪਮਾਨ ਪੁੱਜਿਆ ਹੋਇਆ ਦੱਸਿਆ ਗਿਆ ਹੈ। ਗ੍ਰਾਮੀਣ ਕਿ੍ਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਮੌਸਮ ਵਿਭਾਗ ਵੱਲੋਂ ਦਿੱਤੀ ਸੂਚਨਾ ਮੁਤਾਬਕ 9 ਜੂਨ ਤੱਕ ਲਗਾਤਾਰ ਲੂ ਚੱਲਣ ਦੀ ਜਾਣਕਾਰੀ ਮਿਲੀ ਹੈ ਅਤੇ 10 ਜੂਨ ਨੂੰ ਪਾਰੇ ਵਿੱਚ ਕੁੱਝ ਗਿਰਾਵਟ ਆ ਸਕਦੀ ਹੈ, ਜਦੋਂ ਕਿ ਪੰਜਾਬ ਵਿੱਚ ਪ੍ਰੀ-ਮੌਨਸੂਨ 15 ਜੂਨ ਮਗਰੋਂ ਅਤੇ ਮੌਨਸੂਨ ਦਾ ਦਾਖ਼ਲਾ ਜੂਨ ਦੇ ਬਿਲਕੁਲ ਆਖ਼ਰੀ ਤੱਕ ਹੋਣ ਦੀ ਆਸ ਹੈ। ਭਾਵੇਂ ਇਸ ਮਹੀਨੇ ਦੇ ਅੰਤ ਤੱਕ ਮੀਂਹ ਪੈਣ ਦੀ ਸੰਭਾਵਾਨਾ ਹੈ, ਪਰ ਤੇਜ਼ ਗਰਮੀ ਤੋਂ ਫਿਲਹਾਲ ਬਚਣ ਦੀ ਕੋਈ ਉਮੀਦ ਵਿਖਾਈ ਨਹੀਂ ਦਿੰਦੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ 9 ਜੂਨ ਤੱਕ ਲੂ ਵਿੱਚ ਕੋਈ ਸੁਧਾਰ ਨਹੀਂ ਆਵੇਗਾ, ਬਲਕਿ ਅਗਲੇ ਦਿਨਾਂ ਵਿੱਚ ਤਾਪਮਾਨ ਹੋਰ ਉਚਾ ਜਾ ਸਕਦਾ ਹੈ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਦੇ ਬਚਾਅ ਲਈ ਲਗਾਤਾਰ ਲੋੜ ਅਨੁਸਾਰ ਹਲਕਾ-ਫੁਲਕਾ ਪਾਣੀ ਲਾਉਂਦੇ ਰਹਿਣ ਅਤੇ ਜਿੱਥੇ ਕਿਤੇ ਛੋਟੀਆਂ ਫ਼ਸਲਾਂ ਅਤੇ ਸਬਜ਼ੀਆਂ ਨੂੰ ਢੋਲੀਆਂ ਨਾਲ ਪਾਣੀ ਛਿੜਕ ਕੇ ਰਾਹਤ ਦਿੱਤੀ ਜਾ ਸਕਦੀ ਹੈ, ਉਥੇ ਦੇਣ ਦਾ ਉਪਰਾਲਾ ਕਰਨ।