ਜਗਤਾਰ ਅਣਜਾਣ
ਮੌੜ ਮੰਡੀ, 7 ਜੁਲਾਈ
ਜੁਲਾਈ ਮਹੀਨੇ ਦੀ ਪਹਿਲੀ ਮੂਸਲੇਧਾਰ ਬਾਰਸ਼ ਨੇ ਹੀ ਦੋ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਪਿੰਡ ਯਾਤਰੀ ਤੇ ਜੋਧਪੁਰ ਪਿੰਡਾਂ ਦੇ ਕਿਸਾਨਾਂ ਦੀ ਭਾਰੀ ਮੀਂਹ ਨੇ ਸੈਂਕੜੇ ਏਕੜ ਝੋਨੇ ਤੇ ਨਰਮੇ ਦੀ ਫ਼ਸਲ ਬਰਬਾਦ ਕਰ ਦਿੱਤੀ ਹੈ। ਪਿੰਡ ਯਾਤਰੀ ਦੇ ਮੌਜੂਦਾ ਸਰਪੰਚ ਲਛਮਣ ਸਿੰਘ ਨੇ ਦੱਸਿਆ ਕਿ ਯਾਤਰੀ ਪਿੰਡ ਦੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਮੀਂਹ ਦੇ ਪਾਣੀ ਦੀ ਮਾਰ ਹੇਠ ਆ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਭਾਰੀ ਮੀਂਹ ਨਾਲ ਹੋਏ ਨੁਕਸਾਨ ਕਰਕੇ ਕਿਸਾਨਾਂ ਨੂੰ ਨੀਵੇਂ ਖੇਤਾਂ ’ਚ ਪਾਣੀ ਭਰਨ ਨਾਲ ਦਬਾਰਾ ਝੋਨਾ ਲਗਾਉਣਾ ਮੁਸ਼ਕਿਲ ਹੋ ਗਿਆ ਹੈ, ਉੱਥੇ ਨੀਵੇਂ ਖੇਤਾਂ ’ਚ ਤਿੰਨ ਦਿਨ ਤੋਂ ਪਾਣੀ ਭਰਨ ਨਾਲ ਨਰਮੇ ਦੀ ਫ਼ਸਲ ਵੀ ਖ਼ਤਮ ਹੋ ਗਈ ਹੈ। ਇਸ ਏਰੀਏ ’ਚ ਇਸ ਸਾਲ ਕਿਸਾਨਾਂ ਨੇ ਨਰਮੇ ਦੀ ਖੇਤੀ ਹੇਠ ਰਕਬਾ ਵਧਾਇਆ ਸੀ , ਜੋ ਰਾਸ ਨਹੀਂ ਆਇਆ। ਕਿਸਾਨ ਨਛੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖੇਤ ਵਿੱਚ ਆਏ ਬੇਮੁਹਾਰੇ ਮੀਂਹ ਦੇ ਪਾਣੀ ਨਾਲ 5 ਏਕੜ ਝੋਨਾ ਨਸ਼ਟ ਹੋ ਗਿਆ ਹੈ। ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਭਾਰੀ ਮੀਂਹ ਨੇ ਕਿਸਾਨਾਂ ਦੇ ਸੁਪਨੇ ਧੋ ਦਿੱਤੇ ਹਨ। ਉੱਥੇ ਪਹਿਲਾਂ ਤੋਂ ਹੀ ਸੰਕਟ ’ਚ ਚੱਲ ਰਹੀ ਕਿਸਾਨਾਂ ਲਈ ਬਾਰਸ਼ ਲਾਹੇਵੰਦ ਸਾਬਤ ਹੋਣ ਦੀ ਬਜਾਏ ਮੁਸੀਬਤ ਬਣ ਕੇ ਆਈ ਤੇ ਜਗ੍ਹਾ ਜਗ੍ਹਾ ਤੋਂ ਬੇਕਾਬੂ ਹੋਏ ਪਾਣੀ ਨੇ ਜੋਧਪੁਰ, ਯਾਤਰੀ ਤੇ ਭਾਈਬਖਤੌਰ ਦੀ ਸੈਂਕੜੇ ਏਕੜ ਫ਼ਸਲ ਨਸ਼ਟ ਕਰ ਦਿੱਤੀ। ਖੇਤਾਂ ’ਚ ਪੰਜ ਫੁੱਟ ਤੱਕ ਪਾਣੀ ਭਰ ਗਿਆ। ਜਿਸ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ ਹੈ। ਪਿੰਡ ਜੋਧਪੁਰ ਦੇ ਕਿਸਾਨ ਹਰਦੀਪ ਸਿੰਘ, ਹਰਵਿੰਦਰ ਸਿੰਘ, ਗਮਦੂਰ ਸਿੰਘ, ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਡੀ ਸੈਂਕੜੇ ਏਕੜ ਝੋਨੇ ਤੇ ਨਰਮੇ ਦੀ ਫ਼ਸਲ ਬਰਬਾਦ ਹੋ ਗਈ ਹੈ। ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਦੀ ਪੂਰਤੀ ਲਈ ਪੰਜਾਬ ਅਤੇ ਕੇਂਦਰ ਸਰਕਾਰ ਪਾਸੋਂ ਮੁਆਵਜੇ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਆਗੂ ਹਰਜਿੰਦਰ ਬੱਗੀ ਨੇ ਕਿਹਾ ਹੈ ਕਿ ਕਿਸਾਨਾਂ ਦਾ ਪਹਿਲਾਂ ਹੀ ਖਰਚਿਆਂ ਨੇ ਦਮ ਘੁੱਟ ਰੱਖਿਆ ਹੈ। ਮੀਂਹ ਦੀ ਮਾਰ ਨੇ ਕਿਸਾਨਾਂ ਨੂੰ ਹੋਰ ਕਰਜ਼ੇ ਦੀ ਦਲਦਲ ’ਚ ਧੱਕ ਦੇਣਾ ਹੈ, ਕਿਉਂਕਿ ਕਿਸਾਨ ਦਾ ਇਕ ਏਕੜ ਝੋਨੇ ਦੀ ਫ਼ਸਲ ਲਾਉਣ ਲਈ ਦਸ ਹਜ਼ਾਰ ਤੱਕ ਖਰਚਾ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਤਬਾਹੀ ਨੇ ਲਾਗਤੀ ਖਰਚਿਆਂ ਨੂੰ ਦੁੱਗਣਾ ਕਰ ਦਿੱਤਾ ਹੈ। ਇਸ ਲਈ ਸਰਕਾਰਾਂ ਪ੍ਰਭਾਵਿਤ ਕਿਸਾਨਾਂ ਨੂੰ ਇਸ ਸਥਿਤੀ ਵਿੱਚੋਂ ਬਾਹਰ ਕੱਢਣ ਲਈ ਮੁਆਵਜ਼ੇ ਦਾ ਛੇਤੀ ਐਲਾਨ ਕਰਨ ਤਾਂ ਜੋ ਕਿਸਾਨਾਂ ਨੂੰ ਫੌਰੀ ਰਾਹਤ ਮਿਲ ਸਕੇ।