ਜੋਗਿੰਦਰ ਸਿੰਘ ਮਾਨ
ਮਾਨਸਾ, 6 ਜੁਲਾਈ
ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਤੋਂ ਪੰਜਾਬ ਸਰਕਾਰ ਖ਼ਤਰਾ ਮਹਿਸੂਸ ਕਰਨ ਲੱਗੀ ਹੈ। ਸਰਕਾਰ ਨੂੰ ਇਸ ਗੱਲ ਦਾ ਡਰ ਹੈ ਕਿ ਕੁੱਲੂ ਅਤੇ ਹੋਰ ਥਾਵਾਂ ’ਤੇ ਹੋਈ ਭਾਰੀ ਵਰਖਾ ਅਤੇ ਬੱਦਲਾਂ ਦੇ ਫ਼ਟਣ ਨਾਲ ਵੱਡੀ ਪੱਧਰ ’ਤੇ ਮੀਂਹਾਂ ਦਾ ਪਾਣੀ ਘੱਗਰ ਦਰਿਆ ਵਿੱਚ ਆਵੇਗਾ, ਜਿਸ ਨਾਲ ਪੰਜਾਬ ਦੇ ਚਾਰ ਜ਼ਿਲ੍ਹਿਆਂ ਲਈ ਖ਼ਤਰਾ ਖੜ੍ਹਾ ਹੋ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਮਾਨਸਾ, ਸੰਗਰੂਰ, ਪਟਿਆਲਾ ਅਤੇ ਮੋਹਾਲੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚੌਕਸੀ ਰੱਖਣ ਦੀ ਹਦਾਇਤ ਕੀਤਾ ਗਈ ਹੈ। ਉਨ੍ਹਾਂ ਨੂੰ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਿਆ ਕਿਹਾ ਗਿਆ ਹੈ। ਸਰਕਾਰ ਨੇ ਆਦੇਸ਼ ਜਾਰੀ ਕੀਤੇ ਹਨ ਕਿ ਬੰਨ੍ਹਾਂ ਉਪਰ ਪਹਿਰੇਦਾਰੀ ਲਾ ਕੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕੀਤੀ ਜਾਵੇ।
ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਐਸਐਸਪੀ ਗੌਰਵ ਤੂਰਾ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਚੌਕਸੀ ਵਰਤਣ ਦੇ ਹੁਕਤ ਦਿੰਦਿਆਂ ਪੰਜਾਬ ਅਤੇ ਹਰਿਆਣਾ ਦੀ ਹੱਦ ਉਪਰ ਬਣੇ ਚਾਂਦਪੁਰਾ ਬੰਨ੍ਹ ਦਾ ਨਿਰੀਖਣ ਕੀਤਾ । ਇਹ ਬੰਨ੍ਹ ਦੋਨੋਂ ਸੂਬਿਆਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਬਚਾਉਂਦਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿਵਲ ਤੇ ਪੁਲੀਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਚੌਕਸੀ ਵਰਤਣ ਦੇ ਹੁਕਮ ਦਿੱਤੇ। ਉਨ੍ਹਾਂ ਵਿਭਾਗਾਂ ਨੂੰ ਆਪਸੀ ਤਾਲਮੇਲ ਵਧਾਉਣ ’ਤੇ ਵੀ ਜ਼ੋਰ ਦਿੱਤਾ।
ਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਅਕਸਰ ਹੜ੍ਹਾਂ ਦੀ ਮਾਰ ਹੇਠ 39 ਪਿੰਡ ਆਂਉਂਦੇ ਹਨ, ਇਨ੍ਹਾਂ ਵਿੱਚੋਂ 23 ਪਿੰਡ ਬੁਢਲਾਡਾ ਸਬ ਡਵੀਜ਼ਨ ਨਾਲ ਸਬੰਧਤ ਹਨ, ਜਦੋਂ ਕਿ 16 ਪਿੰਡਾਂ ਦਾ ਸਬੰਧ ਸਬ ਡਵੀਜ਼ਨ ਸਰਦੂਲਗੜ੍ਹ ਨਾਲ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੈਂਦੇ ਚਾਂਦਪੁਰਾ ਬੰਨ੍ਹ ਅਤੇ ਹੋਰ ਬੰਨ੍ਹ, ਜਿਥੇ ਕਿ ਹੜ੍ਹਾਂ ਦਾ ਖਤਰਾ ਹੈ, ਉਥੇ ਪੁਲੀਸ ਵੱਲੋਂ ਛੇਤੀ ਹੀ ਆਰਜ਼ੀ ਚੌਂਕੀਆਂ ਬਣਾਈਆਂ ਜਾ ਰਹੀਆਂ ਹਨ।
ਮਾਲਵਾ ਵਿੱਚ ਅਗਲੇ ਦੋ ਦਿਨ ਭਰਵਾਂ ਮੀਂਹ ਪੈਣ ਦੀ ਪਸ਼ੀਨਗੋਈ
ਮਾਨਸਾ: ਬੇਸ਼ੱਕ ਹਿਮਾਚਲ ਪ੍ਰਦੇਸ਼ ਦੇ ਰਸਤੇ ਮੌਨਸੂਨ ਪੌਣਾਂ ਦੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਨਾਲ ਮੀਂਹ ਪੈਣਾ ਆਰੰਭ ਹੋ ਗਿਆ ਹੈ, ਪਰ ਮਾਲਵਾ ਖੇਤਰ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਤੋਂ ਭਰਵਾਂ ਮੀਂਹ ਪੈਣ ਦੀ ਪਸ਼ੀਨਗੋਈ ਕੀਤੀ ਗਈ ਹੈ। ਗ੍ਰਾਮੀਣ ਕਿ੍ਰਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਕੱਲ੍ਹ ਤੋਂ ਆਉਣ ਵਾਲੇ 4-5 ਦਿਨ ਮਾਲਵਾ ਖੇਤਰ ਵਿਚਲੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ ਅਤੇ ਕਿਤੇ-ਕਿਤੇ ਭਰਵਾਂ ਮੀਂਹ ਪੈਣ ਦੀਆਂ ਉਮੀਦਾਂ ਹਨ। ਇਸ ਖੇਤਰ ਵਿੱਚ ਮੀਂਹ ਪੈਣ ਤੋਂ ਬਾਅਦ ਠੰਡ ਉਤਰ ਆਵੇਗੀ ਅਤੇ ਵੱਧ ਤੋਂ ਵੱਧ ਤਾਪਮਾਨ 31.0 ਤੋਂ 35.0 ਸੈਂਟੀਗਰੇਡ ਅਤੇ ਘੱਟੋ-ਘੱਟ 22 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਆਸ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਪੰਜਾਬ ਵਿੱਚ ਹੰਮਸ ਭਰੇ ਮੌਸਮ ਤੋਂ ਮਗਰੋਂ ਰਾਹਤ ਲੈਕੇ ਮੌਨਸੂਨ ਪੌਣਾਂ ਮਾਲਵਾ ਖੇਤਰ ਵਿੱਚ ਦਾਖ਼ਲ ਹੋ ਰਹੀਆਂ ਹਨ, ਜਿਸ ਨਾਲ ਖੇਤਾਂ ਦੀ ਪਿਆਸ ਬੁੱਝਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਮੋਹਾਲੀ, ਰੂਪਨਗਰ, ਫ਼ਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਤੇ ਪਠਾਨਕੋਟ ਵਿੱਚ ਪੂਰਾ ਮੀਂਹ ਪੈਣ ਦੀ ਰਿਪੋਰਟ ਮਿਲੀ ਹੈ, ਜਦੋਂ ਕਿ ਮਾਨਸਾ, ਸੰਗਰੂਰ, ਬਰਨਾਲਾ, ਲੁਧਿਆਣਾ, ਮੋਗਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਤਰਨਤਾਰਨ ਵਿੱਚ ਹਲਕੇ ਤੋਂ ਦਰਮਿਆਨ ਮੀਂਹ ਪੈਣ ਦੀਆਂ ਰਿਪੋਰਟਾਂ ਹਾਸਲ ਹੋਈਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਇਸ ਮੀਂਹ ਨਾਲ ਮਾਲਵਾ ਖੇਤਰ ਦੀਆਂ ਹਰ ਤਰ੍ਹਾਂ ਦੀਆਂ ਫ਼ਸਲਾਂ ਵਾਧੇ ਵੱਲ ਜਾਣਗੀਆਂ।