ਜੋਗਿੰਦਰ ਸਿੰਘ ਮਾਨ
ਮਾਨਸਾ, 21 ਜੂਨ
ਮਾਲਵਾ ਪੱਟੀ ਵਿਚ ਵੱਡੇ ਤੜਕੇ ਪਏ ਮੀਂਹ ਨੇ ਖੇਤਾਂ ਵਿੱਚ ਲਹਿਰਾਂ-ਬਹਿਰਾਂ ਲਾ ਦਿੱਤੀਆਂ। ਕੁੱਝ ਦਿਨਾਂ ਤੋਂ ਮੌਸਮ ਵਿੱਚ ਬਣੀ ਠੰਢ ਨੇ ਝੋਨੇ ਸਮੇਤ ਸਾਰੀਆਂ ਫ਼ਸਲਾਂ ਲਈ ਦੇਸੀ ਘਿਓ ਵਾਲਾ ਕੰਮ ਕੀਤਾ ਹੈ। ਖੇਤਾਂ ਵਿਚ ਡਿੱਗੇ ਅੰਬਰੀ ਪਾਣੀ ਅਤੇ ਠੰਢੀ ਹਵਾ ਨਾਲ ਚਾਰ-ਚੁਫੇਰੇ ਫਸਲਾਂ ਟਹਿਕਣ ਲੱਗੀਆਂ ਹਨ। ਇਸ ਤੋਂ ਪਹਿਲਾਂ ਮਾਲਵਾ ਪੱਟੀ ਵਿਚ ਮੀਂਹ ਨਾ ਪੈਣ ਕਾਰਨ ਲੂ ਚੱਲ ਰਹੀ ਸੀ, ਜਿਸ ਕਾਰਨ ਮੱਚ ਰਹੀਆਂ ਨਰਮਾ ਤੇ ਹੋਰ ਫਸਲਾਂ, ਸਬਜ਼ੀਆਂ ਅਤੇ ਪਸ਼ੂਆਂ ਦੇ ਹਰੇ ਚਾਰੇ ਨੂੰ ਬਚਾਉਣਾ ਕਿਸਾਨਾਂ ਲਈ ਔਖਾ ਹੋ ਰਿਹਾ ਸੀ। ਇਸ ਮੀਂਹ ਨੇ ਕਿਸਾਨਾਂ ਦਾ ਇੱਕ ਵਾਰ ਸੀਨਾ ਠਾਰ ਦਿੱਤਾ ਹੈ। ਖੇਤੀ ਵਿਭਾਗ ਨੇ ਇਸ ਮੀਂਹ ਨੂੰ ਨਰਮੇ ’ਤੇ ਸਭ ਤੋਂ ਵਧੀਆ ਕਰਾਰ ਦਿੱਤਾ ਹੈ। ਮਹਿਕਮੇ ਨੇ ਇਸ ਮੀਂਹ ਦਾ ਸਭ ਤੋਂ ਵੱਧ ਮੁਨਾਫ਼ਾ ਤਾਜ਼ਾ ਲੱਗੇ ਝੋਨੇ ਅਤੇ ਨਰਮੇ ਸਮੇਤ ਪਸ਼ੂਆਂ ਦੇ ਹਰੇ-ਚਾਰੇ ਅਤੇ ਸਬਜ਼ੀਆਂ ਨੂੰ ਵੀ ਦੱਸਿਆ ਹੈ। ਇਸੇ ਦੌਰਾਨ ਬਹੁਤ ਸਾਰੀਆਂ ਥਾਵਾਂ ’ਤੇ ਕਿਸਾਨ ਅੱਜ ਪਏ ਮੀਂਹ ਤੋਂ ਬਾਅਦ ਖੇਤਾਂ ਵਿੱਚ ਝੋਨੇ ਸਮੇਤ ਪਸ਼ੂਆਂ ਦੇ ਹਰੇ-ਚਾਰੇ ਅਤੇ ਅਗੇਤੇ ਨਰਮੇ ਉਪਰ ਯੂਰੀਆ ਖਾਦ ਦਾ ਛਿੱਟਾ ਦਿੰਦੇ ਵਿਖਾਈ ਦਿੱਤੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ.ਜੀਐਸ ਰੋਮਾਣਾ ਨੇ ਮਾਲਵਾ ਪੱਟੀ ਵਿਚ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਸ਼ੁਭ-ਸ਼ੁਰੂਆਤ ਆਖਦਿਆਂ ਕਿਹਾ ਕਿ ਹੁਣ ਪੈਲੀ ਮੱਚਣ ਤੋਂ ਰੁਕ ਜਾਵੇਗੀ ਅਤੇ ਕੱਲ੍ਹ ਤੱਕ ਹੀ ਉਹ ਵੱਧਣ ਵਾਲੇ ਪਾਸੇ ਚਾਲੇ ਪਾ ਲਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਡੀਜ਼ਲ ਅਤੇ ਬਿਜਲੀ ਦੇ ਰੂਪ ਵਿਚ ਮੱਚਣ ਵਾਲਾ ਲੱਖਾਂ ਰੁਪਏ ਦਾ ਫਾਇਦਾ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਦੱਸਿਆ ਕਿ ਹੁਣ ਇਸ ਮੀਂਹ ਨਾਲ ਸਾਉਣੀ ਦੀਆਂ ਸਾਰੀਆਂ ਫਸਲਾਂ ਵੱਧਣ-ਫੁੱਲਣ ਲੱਗ ਪੈਣਗੀਆਂ, ਜਿਸ ਲਈ ਪੰਜਾਬ ਸਰਕਾਰ ਨੂੰ ਖੇਤੀ ਸੁਸਾਇਟੀਆਂ ਕੋਲ ਲੋੜੀਂਦੀਆਂ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਤੁਰੰਤ ਭੇਜਣੀਆਂ ਚਾਹੀਦੀਆਂ ਹਨ।