ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 4 ਜਨਵਰੀ
ਖੇਤੀ ਮਾਰੂ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ਦੀ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਵੱਲੋਂ ਦਿਲ ਖੋਲ੍ਹ ਕੇ ਹਮਾਇਤ ਕੀਤੀ ਜਾ ਰਹੀ ਹੈ। ਜਿੱਥੇ ਲੋਕਾਂ ਵੱਲੋਂ ਜਥਿਆਂ ਦੇ ਰੂਪ ਵਿੱਚ ਦਿੱਲੀ ਮੋਰਚੇ ਵਿਚ ਹਾਜ਼ਰੀ ਭਰੀ ਜਾ ਰਹੀ ਹੈ, ਉਥੇ ਦਿਲ ਖੋਲ੍ਹ ਕੇ ਆਰਥਿਕ ਮੱਦਦ ਵੀ ਕੀਤੀ ਜਾ ਰਹੀ ਹੈ। ਸਥਾਨਕ ਸ਼ਹਿਰ ਦੇ ਜੰਮਪਲ ਤੇ ਅੱਜ ਕਲ੍ਹ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿ ਰਹੇ ਸਮਰਪਾਲ ਸਿੰਘ ਬਰਾੜ ਨੇ ਕਿਸਾਨੀ ਸੰਘਰਸ਼ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ।
ਸਮਰਪਾਲ ਬਰਾੜ ਵੱਲੋਂ ਭੇਜੀ ਇਹ ਰਾਸ਼ੀ ਉਸ ਦੇ ਪਰਿਵਾਰਕ ਮੈਂਬਰਾਂ ਸ਼ਿਵੰਦਰ ਬਰਾੜ ਕੁੱਕੂ, ਜਸਮੇਲ ਸਿੰਘ ਤੇ ਜੀਤੀ ਬਰਾੜ ਨੇ ਬੀਕੇਯੂ (ਕ੍ਰਾਂਤਕਾਰੀ) ਦੇ ਵਰਕਰਾਂ ਨੂੰ ਸੌਂਪੀ। ਇਸ ਮੌਕੇ ਕਿਸਾਨ ਆਗੂ ਗੁਰਪ੍ਰੀਤ ਭਗਤਾ ਤੇ ਕਰਮਜੀਤ ਸਿੰਘ ਜੇਈ ਨੇ ਸਮਰਪਾਲ ਬਰਾੜ ਦਾ ਧੰਨਵਾਦ ਕੀਤਾ। ਨਗਰ ਪੰਚਾਇਤ ਭਗਤਾ ਭਾਈ ਦੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਤੇ ਕੁਲਦੀਪ ਸਿੰਘ ਗੋਗੀ ਪੱਤੀ ਫਫੜਾ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਬੀਕੇਯੂ (ਕ੍ਰਾਂਤੀਕਾਰੀ) ਇਕਾਈ ਭਗਤਾ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ। ਇਸੇ ਤਰ੍ਹਾਂ ਕਿਸਾਨ ਸੰਘਰਸ਼ ਸਮਰਥਨ ਕਮੇਟੀ ਭਗਤਾ ਵੱਲੋਂ ਕਿਸਾਨੀ ਮੋਰਚੇ ਦੀ ਸਹਾਇਤਾ ਕਰਦਿਆਂ ਬੀਕੇਯੂ (ਉਗਰਾਹਾਂ) ਤੇ ਬੀਕੇਯੂ (ਕ੍ਰਾਂਤੀਕਾਰੀ) ਨੂੰ 40 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ। ਪਿੰਡਾਂ ’ਚ ਵੀ ਦੁਕਾਨਦਾਰਾਂ ਵੱਲੋਂ ਫੰਡ ਇਕੱਠਾ ਕਰਕੇ ਕਿਸਾਨੀ ਸੰਘਰਸ਼ ਲਈ ਦਿੱਤਾ ਜਾ ਰਿਹਾ ਹੈ। ਬੀਕੇਯੂ (ਉਗਰਾਹਾਂ) ਦੇ ਆਗੂ ਸੁਖਜੀਤ ਸਿੰਘ ਕੋਠਾਗੁਰੂ ਦਾ ਕਹਿਣਾ ਸੀ ਕਿ ਸਮਾਜ ਦੇ ਸਾਰੇ ਵਰਗਾਂ ਵੱਲੋਂ ਮਿਲ ਰਿਹਾ ਭਰਪੂਰ ਸਹਿਯੋਗ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਿਸਾਨ ਹਰ ਹਾਲਤ ਵਿੱਚ ਦਿੱਲੀ ਮੋਰਚੇ ਵਿਚੋਂ ਜਿੱਤ ਪ੍ਰਾਪਤ ਕਰਕੇ ਮੁੜਨਗੇ।