ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਫ਼ਰਵਰੀ
ਸਰਕਾਰੀ ਬੇਰੁੱਖੀ ਦਾ ਸ਼ਿਕਾਰ ਬੱਧਨੀ ਕਲਾਂ ਦਾ ਅਪਾਹਜ ਜੋੜਾ ਬੁਲੰਦ ਹੌਸਲੇ ਨਾਲ ਗੁਰਬਤ ਤੇ ਗਰੀਬੀ ਨੂੰ ਮਾਤ ਦੇ ਰਿਹਾ ਹੈ। ਬੁੂਟਾ ਸਿੰਘ 80 ਫੀਸਦੀ ਅਪਾਹਜ ਹੈ। ਕੰਪਿਊਟਰ ’ਚ ਮੁਹਾਰਤ ਰੱਖਣ ਵਾਲਾ ਬੂਟਾ ਸਿੰਘ ਮੁੱਖ ਮੰਤਰੀ ਤੱਕ ਅਰਜ਼ੀਆਂ ਦੇ ਚੁੱਕਾ ਹੈ ਪਰ ਕੁਝ ਹੱਥ ਪੱਲੇ ਨਹੀਂ ਪਿਆ। ਉਹ ਆਪਣੀ ਅਪਾਹਜ ਪਤਨੀ ਅਤੇ ਤਿੰਨ ਬੱਚਿਆਂ ਨਾਲ ਖੇਤਾਂ ’ਚ ਆਲੂ ਚੁਗਣ ਦਾ ਕੰਮ ਕਰਕੇ ਪਰਿਵਾਰ ਚਲਾਉਂਦਾ ਹੈ।
ਆਪਣੀ ਗੁਰਬਤ ਦੀ ਜ਼ਿੰਦਗੀ ਬਾਰੇ ਦੱਸਦੇ ਉਸਦੀਆਂ ਅੱਖਾਂ ਨਮ ਹੋ ਗਈਆਂ। ਉਸਨੇ ਦੱਸਿਆ ਕਿ ਉਹ ਜਮਾਂਦਰੂ ਅਪਾਹਜ ਹੈ ਅਤੇ ਤੇ ਉਸਦੀ ਪਤਨੀ 60 ਫ਼ੀਸਦੀ ਅਪਾਹਜ ਹੈ। ਦੋ ਡੰਗ ਦੀ ਰੋਟੀ ਲਈ ਉਸ ਨੂੰ ਭਾਰੀ ਮਿਹਨਤ ਕਰਨੀ ਪੈਂਦਾ ਹੈ।
ਬੂਟਾ ਸਿੰਘ ਨੇ ਕਿਹਾ ਕਿ ਉਹ 12ਵੀਂ ਪਾਸ ਹੈ ਅਤੇ ਕੰਪਿਊਟਰ ਚਲਾਉਣ ’ਚ ਮੁਹਾਰਤ ਰੱਖਦਾ ਹੈ। ਉਸਦੇ ਤਿੰਨ ਬੱਚੇ ਹਨ। ਪਰਿਵਾਰ ਦੇ ਗੁਜ਼ਾਰੇ ਲਈ ਉਹ ਬੱਚਿਆਂ ਸਮੇਤ ਖੇਤਾਂ ਵਿੱਚ ਮਜ਼ਦੂਰੀ ਕਰਦਾ ਹੈ। ਲੱਤਾਂ ਤੋਂ ਅਪਾਹਜ ਹੋਣ ਕਾਰਨ ਉਹ ਕਿਧਰੇ ਹੋਰ ਮਜ਼ਦੂਰੀ ਨਹੀਂ ਕਰ ਸਕਦਾ। ਉਹ ਖੇਤਾਂ ਵਿੱਚ ਆਲੂ ਚੁਗਣ ਦਾ ਕੰਮ ਕਰਦਾ ਹੈ। ਸਾਰਾ ਦਿਨ ਕੰਮ ਕਰਨ ਬਾਅਦ ਸਿਰਫ ਦੋ ਡੰਗ ਦੀ ਰੋਟੀ ਦਾ ਹੀ ਜੁਗਾੜ ਹੁੰਦਾ ਹੈ।
ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਬੱਚਿਆਂ ਦੀ ਚਿੰਤਾ ਸਤਾ ਰਹੀ ਹੈ। ਉਹ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਹੋ ਸਕੇ। ਉਸ ਨੇ ਭਰੇ ਮਨ ਨਾਲ ਕਿਹਾ ਕਿ ਕੋਈ ਵੀ ਅਪਾਹਜ ਦੀ ਮਦਦ ਨਹੀਂ ਕਰਦਾ। ਉਸ ਨੇ ਸਰਕਾਰ ਤੋਂ ਵਿੱਤੀ ਮਦਦ ਦੀ ਮੰਗ ਕੀਤੀ ਤਾਂ ਜੋ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰ ਸਕੇ।