ਕਰਨ ਭੀਖੀ
ਭੀਖੀ, 21 ਮਾਰਚ
ਬੀਤੇ ਦਿਨੀਂ ਗਊ ਵੰਸ਼ ਦੀ ਹੱਤਿਆ ਕਰ ਕੇ ਉਨ੍ਹਾਂ ਦੇ ਟੁਕੜੇ ਨਹਿਰ ਵਿੱਚ ਸੁੱਟ ਕੇ ਸੂਬੇ ਅੰਦਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਆਪਸੀ ਭਾਈਚਾਰੇ ਵਿੱਚ ਫੁੱਟ ਪਾ ਕੇ ਮਾਹੌਲ ਖ਼ਰਾਬ ਕਰਨ ਵਾਲੇ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਲੋਕਾਂ ਨੇ ਭੀਖੀ ਵਾਸੀਆਂ ਦੇ ਸਹਿਯੋਗ ਨਾਲ ਕਸਬਾ ਮੁਕੰਮਲ ਬੰਦ ਰੱਖਿਆ ਅਤੇ ਪਟਿਆਲਾ ਮਾਨਸਾ ਹਾਈਵੇਅ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਨਾਤਨ ਧਰਮ ਸਭਾ ਮਾਨਸਾ ਦੇ ਸਾਬਕਾ ਪ੍ਰਧਾਨ ਸੁਮੀਰ ਛਾਬੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਇਸ ਸਬੰਧੀ ਭੀਖੀ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਹਿੰਦੂ ਸੰਗਠਨ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਹਰ ਐਕਸ਼ਨ ਉਲੀਕਣਗੇ। ਇਸ ਸਬੰਧੀ ਐੱਸਪੀ (ਡੀ) ਦਿਗਵਿਜੈ ਕਪਿਲ ਨੇ ਧਰਨੇ ਵਿੱਚ ਪਹੁੰਚ ਕੇ ਭਰੋਸਾ ਦਿਵਾਇਆ ਕਿ ਪੁਲੀਸ ਇਸ ਮਾਮਲੇ ਦੀ ਤੈਅ ਤੱਕ ਪੁੱਜਣ ਲਈ ਡੂੰਘਾਈ ਨਾਲ ਜਾਂਚ ਕਰ ਰਹੀ ਹੈ।