ਇਕਬਾਲ ਸਿੰਘ ਸ਼ਾਂਤ
ਲੰਬੀ, 6 ਜਨਵਰੀ
ਕੰਦੂਖੇੜਾ ’ਚ ਪੌਣੇ ਦਹਾਕੇ ਤੋਂ ਅੱਧਵਾਟੇ ਪਈ ਗਰੀਬਾਂ ਲਈ ਵਿਉਂਤੀ ਅੱਧੀ-ਅਧੂਰੀ ਕਲੋਨੀ ’ਚ ਮਕਾਨਾਂ ਦੀ ਵੰਡ ਤੇ ਉਸਾਰੀ ’ਚ ਅੜਚਨਾਂ ਦਾ ਸਿਹਰਾ ਸਾਬਕਾ ਅਕਾਲੀ ਸਰਪੰਚ ਪ੍ਰਤੀਨਿਧੀ ਦੇ ਸਿਰ ਭੰਨਿਆ ਜਾ ਰਿਹਾ ਹੈ। ਕਰੀਬ ਢਾਈ ਏਕੜ ਰਕਬੇ ’ਤੇ ਸਾਬਕਾ ਸਰਪੰਚ ਸਮੇਤ ਹੋਰਨਾਂ ਦਾ ਕਬਜ਼ਾ ਕਰ ਕੇ ਫ਼ਸਲ ਬੀਜਣ ਦੇ ਦੋਸ਼ ਹਨ। ਕੰਦੂਖੇੜਾ ਦੇ ਗਰੀਬ ਪਰਿਵਾਰਾਂ ਨੇ ਤਿੰਨ ਦਿਨਾਂ ਤੋਂ ਕਲੋਨੀ ਵਾਲੇ ਰਕਬੇ ’ਚ ਸਾਬਕਾ ਅਕਾਲੀ ਸਰਪੰਚ ਪ੍ਰਤੀਨਿਧੀ ਲਖਵਿੰਦਰ ਸਿੰਘ ‘ਨਿੱਕਾ ਲੱਖਾ’ ਅਤੇ ਕਬਜ਼ੇਕਾਰਾਂ ਖਿਲਾਫ਼ ਧਰਨਾ ਲਾਇਆ ਹੈ। ਉਂਝ, ਸਰਪੰਚ ਪ੍ਰਤੀਨਿਧੀ ਨੇ ਮੀਡੀਆ ਕੋਲ ਦੋ-ਕਨਾਲ ਰਕਬੇ ’ਤੇ ਉਸਦੇ ਕਬਜ਼ੇ ਦੀ ਗੱਲ ਕਬੂਲੀ ਹੈ। ਇਹ ਕਲੋਨੀ ਭੁੱਲਰਵਾਲਾ ਸੜਕ ’ਤੇ ਕਰੀਬ ਏਕੜ ਚਾਰ ਰਕਬੇ ’ਤੇ ਕੱਟੀ ਸੀ। ਪੰਜ-ਪੰਜ ਮਰਲੇ ਦੇ 22 ਮਕਾਨ ਉਸਾਰੇ ਗਏ ਹਨ। ਬਾਕੀ ਦੇ ਕਰੀਬ ਢਾਈ ਏਕੜ ਰਕਬੇ ’ਤੇ ਕੁੱਲ 114 ਮਕਾਨ ਬਣਨੇ ਸੀ। ਕਾਂਗਰਸ ਸਰਕਾਰ ਬਣਨ ’ਤੇ ਬਣੇ ਮਕਾਨਾਂ ਦੀ ਅਲਾਟਮੈਂਟ ਵੀ ਨਾ ਹੋ ਸਕੀ। ਸਰਮਾਏਦਾਰਾਂ ਨੇ ਖਾਲੀ 22 ਮਕਾਨਾਂ ਨੂੰ ਤੂੜੀ ਦੇ ਗੋਦਾਮ ਬਣਾ ਦਿੱਤਾ। ਧਰਨੇ ’ਤੇ ਬੈਠੇ ਓਮ ਪ੍ਰਕਾਸ਼ ਸਾਬਕਾ ਪੰਚ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਇਮੀ ਲਾਲ, ਜਗਰਾਜ ਅਤੇ ਗੁਰਚਰਨ ਸਿੰਘ ਨੇ ਕਿਹਾ ਕਿ ਪੰਚਾਇਤ ਪੱਧਰ ’ਤੇ 26 ਦਸੰਬਰ 2020 ਨੂੰ ਕਲੋਨੀ ਰਕਬੇ ਦੀ ਨਿਸ਼ਾਨਦੇਹੀ ਹੋਈ ਸੀ। ਸੁਰਿੰਦਰ ਕੁਮਾਰ, ਭੀਮ ਸੈਨ ਅਤੇ ਹੋਰਨਾਂ ਨੇ ਦੋਸ਼ ਲਗਾਇਆ ਕਿ ਨਿਸ਼ਾਨੇਦਹੀ ਉਪਰੰਤ ਸਾਬਕਾ ਅਕਾਲੀ ਸਰਪੰਚ ਪ੍ਰਤੀਨਿਧੀ ਲਖਵਿੰਦਰ ਸਿੰਘ ਨੇ ਕਾਂਗਰਸ ਸਰਕਾਰ ਸਮੇਂ ਕਲੋਨੀ ਦੀ ਕਾਫ਼ੀ ਜ਼ਮੀਨ ’ਤੇ ਕਥਿਤ ਕਬਜ਼ਾ ਕਰ ਕੇ ਉੱਥੇ ਫ਼ਸਲ ਬੀਜ ਦਿੱਤੀ ਅਤੇ ਜੋਗਿੰਦਰ ਸਿੰਘ ਸਮੇਤ ਹੋਰਨਾਂ ਤੋਂ ਫ਼ਸਲਾਂ ਬਿਜਵਾ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਪ੍ਰਤੀਨਿਧੀ ਦੀ ਰਕਬੇ ਨਾਲ ਕੋਈ ਜ਼ਮੀਨ ਨਹੀਂ ਲੱਗਦੀ। ਦੂਜੇ ਪਾਸੇ ਸਾਬਕਾ ਅਕਾਲੀ ਸਰਪੰਚ ਪ੍ਰਤੀਨਿਧੀ ਲਖਵਿੰਦਰ ਸਿੰਘ ਨੇ ਗਰੀਬ ਕਲੋਨੀ ਦੀ ਜ਼ਮੀਨ ’ਤੇ ਉਸਦੇ ਕਬਜ਼ੇ ਦੇ ਦੋਸ਼ਾਂ ਬਾਰੇ ਪਹਿਲਾਂ ਤਾਂ ਨਾਂਹ ਕਰ ਦਿੱਤੀ। ਬਾਅਦ ’ਚ ਉਸਨੇ ਕਬਜ਼ੇ ਨੂੰ ਮੰਨਦਿਆਂ ਕਿਹਾ ਕਿ ਉਸਦੇ ਕੋਲ ਕਲੋਨੀ ਨਾਲ ਲੱਗਦੀ ਜ਼ਮੀਨ ਠੇਕੇ ’ਤੇ ਹੈ। ਉਹ ਕਲੋਨੀ ਦੀ ਦੋ-ਤਿੰਨ ਕਨਾਲ ਜ਼ਮੀਨ ’ਤੇ ਫ਼ਸਲ ਬੀਜਦਾ ਹੈ। ਹੋਰਾਂ ਨੇ ਉਥੇ ਫ਼ਸਲ ਬੀਜੀ ਹੋਈ ਹੈ। ਹੁਣ ਕਲੋਨੀ ਲਈ ਪਲਾਟ ਕੱਟਣੇ ਹੈ ਤਾਂ ਪੰਚਾਇਤ ਅਤੇ ਪਿੰਡ ਵਾਸੀ ਸਾਰੀਆਂ ਜਾਤਾਂ ’ਤੇ ਆਧਾਰਤ ਸਾਂਝੀ ਕਮੇਟੀ ਬਣਾ ਕੇ ਪਲਾਟ ਵੰਡ ਦੇਣ। ਉਸਨੂੰ ਕੋਈ ਇਤਰਾਜ਼ ਨਹੀਂ।