ਗੁਰਪ੍ਰੀਤ ਦੌਧਰ
ਅਜੀਤਵਾਲ, 29 ਅਕਤੂਬਰ
ਬੀਤੇ ਦਿਨੀਂ ਨਜ਼ਦੀਕੀ ਪਿੰਡ ਕੋਕਰੀ ਬੁੱਟਰਾਂ ਦੇ ਕਿਸਾਨ ਕੁਲਦੀਪ ਸਿੰਘ ਦਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਚੋਣ ਕਰ ਕੇ ਅੱਜ ਮੁਹਾਲੀ ਵਿੱਚ ਰੱਖੇ ਗਏ ਵਿਸ਼ੇਸ਼ ਪ੍ਰੋਗਰਾਮ ਵਿੱਚ ਸਨਮਾਨ ਕੀਤੀ ਗਿਆ। ਇਹ ਸਨਮਾਨ ਚਿੰਨ੍ਹ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਰਾਹੁਲ ਤਿਵਾੜੀ ਆਈਏਐੱਸ ਸਕੱਤਰ ਵਿਗਿਆਨ ਤਕਨੀਕ ਤੇ ਵਾਤਾਵਰਨ ਵੱਲੋਂ ਵਿਸ਼ੇਸ਼ ਸਨਮਾਨ ਸਮਾਗਮ ਵਿੱਚ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਕੁਲਦੀਪ ਸਿੰਘ ਪਿਛਲੇ 18 ਸਾਲਾਂ ਤੋਂ ਲਗਾਤਾਰ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਆਪਣੇ ਖੇਤਾਂ ਵਿਚ ਖਪਤ ਕਰ ਕੇ ਕਣਕ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਜੋ ਪ੍ਰਦੂਸ਼ਣ ਬੋਰਡ ਤੇ ਪੰਜਾਬ ਸਰਕਾਰ ਵੱਲੋਂ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਮਾਣ ਸਨਮਾਨ ਦਿੱਤਾ ਹੈ, ਉਸ ਨਾਲ ਹੋਰ ਕਿਸਾਨ ਵੀ ਉਤਸ਼ਾਹਿਤ ਹੋਣਗੇ।