ਪੱਤਰ ਪ੍ਰੇਰਕ
ਜੈਤੋ, 22 ਦਸੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਵਿੱਚ ‘ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫ਼ੇਅਰ ਸੁਸਾਇਟੀ’ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਪੜ੍ਹਾਈ ’ਚ ਅਹਿਮ ਮੁਕਾਮ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਕੇਵਲ ਸਿੰਘ ਲੰਭਵਾਲੀ ਨੇ ਬਤੌਰ ਮੁੱਖ ਮਹਿਮਾਨ ਅਤੇ ਉਨ੍ਹਾਂ ਦੀ ਸ਼ਰੀਕ-ਏ-ਹੱਯਾਤ ਮਨਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਾਸਟਰ ਕੁਲਵੰਤ ਸਿੰਘ ਚਾਨੀ, ਪ੍ਰੋ. ਐੱਚ.ਐੱਸ.ਪਦਮ, ਐਸ.ਐਸ. ਸੁਨਾਮੀ, ਸੁਖਮੰਦਰ ਸਿੰਘ ਰਾਮਸਰ, ਜਗਜੀਤ ਸਿੰਘ, ਮਨਦੀਪ ਸਿੰਘ ਮਿੰਟੁੂ ਗਿੱਲ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬੱਚਿਆਂ ਨੂੰ ਸਕੂਲੀ ਸਿਲੇਬਸ ਤੋਂ ਇਲਾਵਾ ਹੋਰਨਾਂ ਖੇਤਰਾਂ ’ਚ ਦਿਲਚਸਪੀ ਲੈਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮਾਪੇ ਅਤੇ ਅਧਿਆਪਕ ਬੱਚਿਆਂ ਦੇ ਰਾਹ-ਦਸੇਰੇ ਹੁੰਦੇ ਹਨ। ਸਕੂਲ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਹਾਂ-ਪੱਖੀ ਕਾਰਜਾਂ ਦੀ ਉਸਤਤ ਕਰਦਿਆਂ ਕਿਹਾ ਕਿ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਣ ਵਾਲੇ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਸੰਗਠਨਾਂ ਦੀ ਗਿਣਤੀ ਨਾ-ਮਾਤਰ ਹੈ। ਸਰਕਾਰੀ ਮਿਡਲ ਸਕੂਲ ਲੰਭਵਾਲੀ ਦੇ ਮੁਖੀ ਸੁਖਵਿੰਦਰ ਸਿੰਘ ਅਤੇ ਅਧਿਆਪਕਾ ਸੁਮਨ ਮੱਕੜ ਵੱਲੋਂ ਸੁਸਾਇਟੀ ਸੰਚਾਲਕਾਂ ਦੀ ਭਰਵੀਂ ਤਾਰੀਫ਼ ਕੀਤੀ ਗਈ। ਇਸ ਦੌਰਾਨ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ਗਿਆ।