ਜੋਗਿੰਦਰ ਸਿੰਘ ਮਾਨ
ਮਾਨਸਾ, 20 ਜੂਨ
ਜ਼ਿਲ੍ਹ ਭਾਸ਼ਾ ਦਫ਼ਤਰ ਮਾਨਸਾ ਵੱਲੋਂ ਭਾਰਤ ਵਿੱਚ ਲਾਇਬ੍ਰੇਰੀ ਲਹਿਰ ਦੇ ਜਨਮ ਦਾਤਾ ਕੇਰਲਾ ਦੇ ਪੀਐਨ ਪਾਨੀਕਰ ਦੀ ਯਾਦ ਨੂੰ ਸਮਰਪਿਤ ਕੌਮੀ ਪੜ੍ਹਨ ਦਿਵਸ ਸਥਾਨਕ ਬਚਤ ਭਵਨ ਵਿੱਚ ਸਾਹਿਤਕ ਸਮਾਗਮ ਦੇ ਰੂਪ ਵਿੱਚ ਮਨਾਇਆ ਗਿਆ। ਇਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਉਪਕਾਰ ਸਿੰਘ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਠਕ੍ਰਮ ਦੀਆਂ ਕਿਤਾਬਾਂ ਸਣੇ ਹੋਰ ਕਿਤਾਬਾਂ ਪੜ੍ਹਨ ਨਾਲ ਹੀ ਸਰਬਪੱਖੀ ਵਿਕਾਸ ਹੋ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਤਾਬਾਂ ’ਚ ਰੁਚੀ ਵਧਾਉਣ ਅਤੇ ਰੋਜ਼ਾਨਾ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ। ਸਮਾਗਮ ਦੌਰਾਨ ਉਨ੍ਹਾਂ ਵੱਲੋਂ ਆਪਣੀ ਲਿਖੀ ਹੋਈ ਕਵਿਤਾ ਵੀ ਪੇਸ਼ ਕੀਤੀ ਗਈ।
ਜ਼ਿਲ੍ਹਾ ਭਾਸ਼ਾ ਅਫ਼ਸਰ ਤਜਿੰਦਰ ਕੌਰ ਨੇ ਆਪਣੇ ਸੰਬੋਧਨ ਦੌਰਾਨ ਸਭ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਅਪੀਲ ਕੀਤੀ। ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਦੇ ਪੈਰਾ ਪੜ੍ਹਨ ਅਤੇ ਕਵਿਤਾ ਉਚਾਰਨ ਦੇ ਕਰਵਾਏ ਮੁਕਾਬਲਿਆਂ ਦੇ ਜੇਤੂ 15 ਵਿਦਿਆਰਥੀਆਂ ਦਾ ਵਧੀਕ ਡਿਪਟੀ ਕਮਿਸ਼ਨਰ ਉਪਕਾਰ ਸਿੰਘ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ,ਗੁਰਲਾਭ ਸਿੰਘ, ਰਘਬੀਰ ਸਿੰਘ ਮਾਨ, ਰਾਧਾ ਰਾਣੀ, ਅਮਨਦੀਪ ਕੌਰ ਚਕੇਰੀਆਂ, ਉਮੇਸ਼ ਕੁਮਾਰ ਮਾਖਾ, ਸੁਰਿੰਦਰ ਕੌਰ ਨੇ ਵੀ ਸੰਬੋਧਨ ਕੀਤਾ।