ਹਰਦੀਪ ਸਿੰਘ ਜਟਾਣਾ
ਮਾਨਸਾ, 8 ਜੁਲਾਈ
ਪਿਛਲੇ 100 ਦਿਨ ਤੋਂ ਚੱਲ ਰਹੇ ਲੌਕ ਡਾਉੂਨ ਨੇ ਰੰਗ ਬਰੰਗੇ ਹੋਟਲ, ਰੈਸਟੋਰੈਂਟ ,ਸਿਨੇਮਾ ਹਾਲਾਂ ਅਤੇ ਮੈਰਿਜ ਪੈਲੇਸਾਂ ਦਾ ਰੰਗਲਾ ਜੀਵਨ ਫਿੱਕਾ ਕਰ ਦਿੱਤਾ ਹੈ। ਇੱਥੇ ਨਾ ਹੀ ਹੁਣ ਭੰੰਗੜੇ ਪੈਂਦੇ ਹਨ ਨਾ ਹੀ ਸ਼ਗਨਾਂ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਹਨ। ਵੰਨ ਸੁਵੰਨੀਆਂ ਵੰਨਗੀਆਂ ਦਾ ਲਜ਼ੀਜ ਭੋਜਨ ਛਕਾਊਣ ਵਾਲੇ ਰੈਸਤਰਾਂ ਦੇ ਮਾਲਕਾਂ ਦੇ ਸਵਾਦ ਬਕਬਕੇ ਹੋ ਗਏ ਹਨ। ਉਲਟਾ ਹੋਟਲ ਮਾਲਕਾਂ ਨੂੰ ਬਿਜਲੀ ਬੋਰਡ ਦੇ ਬਿਜਲੀ ਬਿੱਲਾਂ ਨੇ ਕਰੰਟ ਮਾਰ ਦਿੱਤਾ ਹੈ।
ਬੰਦ ਪਏ ਅਦਾਰਿਆਂ ਦੇ ਮਹੀਨਾਵਾਰ ਹਜ਼ਾਰਾਂ ਰੁਪਏ ਦੇ ਬਿਲਾਂ ਨੇ ਮਾਲਕਾਂ ਨੂੰ ਹੋਰ ਕਰਜ਼ਈ ਕਰ ਦਿੱਤਾ ਹੈ। ਮਹਿਕ ਹੋਟਲ ਦੇ ਮਾਲਕ ਸਤਨਾਮ ਸਿੰਘ ਅਤੇ ਸੰਚਾਲਕ ਕੁੰਵਰਮੀਤ ਸਿੰਘ ਨੇ ਦੱਸਿਆ ਕਿ ਸਾਨੂੰ ਚਾਲੀ ਹਜ਼ਾਰ ਤੋਂ ਲੈ ਕੇ ਪੰਜਾਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਬਿਜਲੀ ਬਿਲ ਆ ਰਿਹਾ ਹੈ। ਕੋਈ ਵੀ ਕੰਮਕਾਰ ਨਾ ਚੱਲਣ ਕਰਕੇ ਬਿੱਲ ਤਾਰਨੇ ਔਖੇ ਹੋ ਰਹੇ ਹਨ। ਪੂਰਨ ਤੌਰ ’ਤੇ ਠੱਪ ਕਾਰੋਬਾਰਾਂ ਕਾਰਨ ਹਲਵਾਈ, ਤੰਦੂਰੀਏ, ਵੇਟਰ, ਆਰਕੈਸਟਰਾ ਵਾਲਿਆਂ ਸਮੇਤ ਲੱਖਾਂ ਲੋਕਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ।
ਵੇਟਰਾਂ ਦਾ ਪ੍ਰਬੰਧ ਕਰਨ ਵਾਲੇ ਲਛਮਣ ਨੇ ਦੱਸਿਆ ਤਿੰਨ ਮਹੀਨੇ ’ਚ ਖੁਦ ਵੇਟਰੀ ਕਰਕੇ ਦਸ ਪ੍ਰੋਗਰਾਮ ਹੀ ਲਗਾਏ ਹਨ ਜਿਸ ਨਾਲ ਘਰਦੇ ਖਰਚੇ ਵੀ ਨਹੀਂ ਚੱਲਦੇ। ਹੋਟਲ ਰੈਸਤਰਾਂ ਦੇ ਮਾਲਕਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਮੰਦੇ ਦਾ ਦੁੱਖ ਭੋਗ ਰਹੇ ਰੈਸਤਰਾਂ ਅਤੇ ਹੋਟਲਾਂ ਨੂੰ ਰਾਹਤ ਦਿੱਤੀ ਜਾਵੇ।