ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 29 ਜੁਲਾਈ
ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਸਿਹਤ ਸਹੂਲਤਾਂ ਸਬੰਧੀ ਗਾਰੰਟੀ ਯੋਜਨਾ ਤਹਿਤ ਪਹਿਲੇ ਪੜਾਅ ਤਹਿਤ 15 ਅਗਸਤ ਨੂੰ 75ਵੇਂ ਆਜ਼ਾਦੀ ਦਿਹਾੜੇ ਮੌਕੇ 100 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਉਹ ਇੱਥੇ ਮਾਰਕੀਟ ਕਮੇਟੀ ਦਫ਼ਤਰ ਵਿੱਚ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੌਰਾਨ ਬੋਲ ਰਹੇ ਸਨ। ਸ੍ਰੀ ਸਿੱਧੂ ਨੇ ਕਿਹਾ ਕਿ ਇਨ੍ਹਾਂ 100 ਕਲੀਨਿਕਾਂ ਵਿੱਚੋਂ 65 ਕਲੀਨਿਕ ਸ਼ਹਿਰਾਂ ਵਿੱਚ ਅਤੇ 35 ਕਲੀਨਿਕ ਪਿੰਡਾਂ ’ਚ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿੱਚ ਵੀ ਤਿੰਨ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਐੱਮਬੀਬੀਐੱਸ ਡਾਕਟਰਾਂ ਤੋਂ ਇਲਾਵਾ ਫਾਰਮਾਸਿਸਟ, ਨਰਸਾਂ ਤੇ ਪੰਜ ਹੋਰ ਮੁਲਾਜ਼ਮ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਤਕਰੀਬਨ 100 ਕਲੀਨਿਕ ਟੈਸਟਾਂ ਨਾਲ 41 ਪੈਕੇਜ ਲੋਕਾਂ ਨੂੰ ਮੁਫ਼ਤ ਦਿੱਤੇ ਜਾਣਗੇ। ਇਸ ਮੌਕੇ ਨਛੱਤਰ ਸਿੰਘ ਸਿੱਧੂ, ਰਾਜਵਿੰਦਰ ਭਗਤਾ, ਡਾ. ਕੇਵਲ ਸਿੰਘ, ਰਾਕੇਸ਼ ਅਰੋੜਾ, ਬੂਟਾ ਸਿੰਘ ਜਲਾਲ, ਪਰਮਜੀਤ ਸਿੰਘ ਬਰਾੜ, ਵਿਜੇ ਕੁਮਾਰ ਪੱਪੂ ਤੇ ਬਹਾਦਰ ਬਰਾੜ ਆਦਿ ਹਾਜ਼ਰ ਸਨ।