ਜੋਗਿੰਦਰ ਸਿੰਘ ਮਾਨ
ਮਾਨਸਾ, 1 ਜੁਲਾਈ
ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੋਵਿਡ-19 ਤਹਿਤ ਆਰਜ਼ੀ ਤੌਰ ‘ਤੇ ਰੱਖੇ ਜਾਣ ਵਾਲੇ 8 ਡਾਕਟਰ, 15 ਸਟਾਫ਼ ਨਰਸਾਂ ਅਤੇ 20 ਵਾਰਡ ਅਟੈਂਡੈਂਟ ਭਰਤੀ ਲਈ ਪੁੱਜੇ ਨੌਜਵਾਨ ਮੁੰਡੇ-ਕੁੜੀਆਂ ਨੂੰ ਗਰਮੀ ਦੇ ਦਿਨਾਂ ਦੌਰਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਡੀ ਗਿਣਤੀ ਵਿੱਚ ਪੁੱਜੇ ਨੌਜਵਾਨਾਂ ਬਾਰੇ ਗਿਆਨ ਹੋਣ ਦੇ ਬਾਵਜੂਦ ਵੀ ਪੂਰੇ ਪ੍ਰਬੰਧਾਂ ਕਿਤੇ ਵੀ ਵਿਖਾਈ ਨਹੀਂ ਦਿੱਤੇ, ਜਿਸ ਕਾਰਨ ਰੁਜ਼ਗਾਰ ਲੈਣ ਆਏ ਸੈਂਕੜੇ ਨੌਜਵਾਨਾਂ ਨੂੰ ਖੱਜਲ-ਖੁਆਰ ਹੋਣਾ ਪਿਆ।
ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਹੋਰਨਾਂ ਜ਼ਿਲ੍ਹਿਆਂ ‘ਚ ਪਹੁੰਚੇ ਉਮੀਦਵਾਰਾਂ ਨੇ ਜਿੱਥੇ ਸਮਾਜਿਕ ਦੂਰੀ ਦਾ ਖ਼ਿਆਲ ਨਹੀਂ ਰੱਖਿਆ, ਉਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਨਾ ਹੋਣ ਕਰਕੇ ਉਨ੍ਹਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਨੌਜਵਾਨ ਮੁੰਡੇ-ਕੁੜੀਆਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਘਰ-ਘਰ ਨੌਕਰੀ ਦੇਣ ਦੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ ਅਤੇ ਉਨ੍ਹਾਂ ਨੂੰ ਮਜਬੂਰਨ ਆਰਜ਼ੀ ਨੌਕਰੀਆਂ ਹਾਸਲ ਕਰਨ ਲਈ ਧੱਕੇ ਖਾਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇੰਟਰਵਿਊ ਮੌਕੇ ਸਰਟੀਫਿਕੇਟ ਹੀ ਚੈੱਕ ਕਰਨੇ ਸਨ ਤਾਂ ਫਿਰ ਆਨਲਾਈਨ ਅਪਲਾਈ ਕਰਵਾਇਆ ਜਾ ਸਕਦਾ ਹੈ। ਨੌਜਵਾਨ ਰਾਕੇਸ਼ ਕੁਮਾਰ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਉਸ ਨੇ 5 ਸਾਲ ਪਹਿਲਾਂ ਡੀ-ਫਾਰਮੇਸੀ ਪਾਸ ਕੀਤੀ ਸੀ, ਪਰ ਕਿਸੇ ਵੀ ਸਰਕਾਰ ਨੇ ਉਸਦੇ ਡਿਪਲੋਮੇ ਦਾ ਮੁੱਲ ਨਹੀਂ ਪਾਇਆ ਤੇ ਹੁਣ ਉਹ 3 ਮਹੀਨਿਆਂ ਦੀ ਨੌਕਰੀ ਲੈਣ ਲਈ ਧੱਕੇ ਖਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਦੇ ਜੰਮਪਲ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਆਸ ਨਹੀਂ ਕਿ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਉਮੀਦਵਾਰਾਂ ਵਿੱਚੋਂ ਉਸ ਦਾ ਨੰਬਰ ਲੱਗੇਗਾ। ਡਾ.ਨਵੀਨਤ ਕੌਰ ਨੇ ਦੱਸਿਆ ਕਿ ਉਸ ਨੇ ਡੈਂਟਲ ਡਿਗਰੀ 3 ਸਾਲ ਪਹਿਲਾਂ ਕੀਤੀ ਸੀ,ਪਰ ਕਿਤੇ ਵੀ ਨੌਕਰੀ ਨਹੀਂ ਮਿਲੀ।ਇਸੇ ਤਰ੍ਹਾਂ ਅਨੇਕਾਂ ਹੋਰ ਨੌਜਵਾਨਾਂ ਦਾ ਕਹਿਣਾ ਹੈ ਕਿ ਹੁਣ ਪੱਕੀਆਂ ਨੌਕਰੀਆਂ ਦੀ ਬਜਾਏ 3-3 ਮਹੀਨਿਆਂ ਲਈ ਪਾਰਟ-ਟਾਈਮ ਰੁਜ਼ਗਾਰ ਵਾਸਤੇ ਵੀ ਅਨੇਕਾਂ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈਣ ਲੱਗਿਆ ਹੈ।