ਪੱਤਰ ਪ੍ਰੇਰਕ
ਭਾਈਰੂਪਾ, 17 ਫਰਵਰੀ
ਰਾਮਪੁਰਾ ਫੂਲ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਹੱਕ ਵਿੱਚ ਭਾਈਰੂਪਾ ਵਿੱਚ ਇੱਕ ਚੋਣ ਰੈਲੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਚੋਣ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਸੰਬੋਧਨ ਕਰਦਿਆਂ ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਅਕਾਲੀ ਦਲ ਅਤੇ ‘ਆਪ’ ਤਿੱਖੇ ਸਿਆਸੀ ਹਮਲੇ ਕੀਤੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਗਰੀਬੀ ਆਪਣੇ ਪਿੰਡੇ ’ਤੇ ਹੰਢਾਈ ਹੈ, ਗ਼ਰੀਬਾਂ ਦੀਆਂ ਮੁਸ਼ਕਲਾਂ ਤੋਂ ਭਲੀਭਾਂਤ ਜਾਣੂੰ ਹਨ। ਇਸ ਲਈ ਕਾਂਗਰਸ ਪਾਰਟੀ ਦਾ ਰਾਜ ਆਉਣ ’ਤੇ ਉਹ ਪਹਿਲੇ ਛੇ ਮਹੀਨਿਆਂ ਅੰਦਰ ਹੀ ਪੰਜਾਬ ਅੰਦਰਲੇ ਕੱਚੇ ਘਰਾਂ ਨੂੰ ਪੱਕਾ ਕਰਨ ਦੀ ਯੋਜਨਾ ਲਾਗੂ ਕਰ ਦੇਣਗੇ, ਤਾਂ ਜੋ ਗਰੀਬ ਲੋਕ ਵੀ ਪੱਕੇ ਘਰਾਂ ਅੰਦਰ ਜੀਵਨ ਬਸਰ ਕਰ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰੇ ਵਰਗਾਂ ਲਈ ਕਈ ਸਕੀਮਾਂ ਲਿਆਂਦੀਆਂ ਪਰ 111 ਦਿਨਾਂ ਦਾ ਸਮਾਂ ਬਹੁਤ ਘੱਟ ਸੀ ਇਸ ਲਈ ਹੁਣ ਮੈਨੂੰ ਹੋਰ 5 ਸਾਲ ਦਿਓ ਤਾਂ ਕਿ ਆਮ ਘਰਾਂ ਵਿਚ ਵੀ ਰੌਣਕਾਂ ਲਿਆ ਸਕੀਏ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀਆਂ ਦੇ ਰਾਜ ’ਚ ਬੇਅਦਬੀਆਂ ਹੋਈਆਂ ਤੇ ਨਸ਼ਿਆਂ ਦਾ ਕਾਰੋਬਾਰ ਵਧਿਆ। ਉਨ੍ਹਾਂ ਆਖਿਆ ਕਿ ਕਾਂਗੜ ਨੂੰ ਮੰਤਰੀ ਬਣਾਇਆ ਜਾਵੇਗਾ। ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀਆਂ ਦੀ ਹਾਲਤ ਬੜੀ ਤਰਸਯੋਗ ਹੋਈ ਪਈ ਹੈ। ਇੱਕ-ਇੱਕ ਸੀਟ ਦੇ ਲਾਲੇ ਪਏ ਹੋਏ ਹਨ, ਇਸ ਕਰਕੇ ਉਨ੍ਹਾਂ ਨੂੰ 96 ਸਾਲਾ ਬਜ਼ੁਰਗ ਬਾਦਲ ਨੂੰ ਵੀ ਚੋਣ ਮੈਦਾਨ ਵਿਚ ਉਤਾਰਨਾ ਪਿਆ ਹੈ।