ਜਸਵੰਤ ਸਿੰਘ ਥਿੰਦ
ਮਮਦੋਟ, 26 ਸਤੰਬਰ
ਪੰਜਾਬ ਸਰਕਾਰ ਵੱਲੋਂ ਰੇਤੇ ਦੀ ਕਾਲਾ ਬਾਜ਼ਾਰੀ ਨੂੰ ਠੱਲ੍ਹ ਪਾਉਣ ਲਈ ਬੀਤੇ ਦਿਨੀਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਵੀ ਮਾਈਨਿੰਗ ਮਾਫ਼ੀਆ ਵੱਲੋਂ ਰੇਤੇ ਦੀ ਕਾਲਾਬਾਜ਼ਾਰੀ ਦਾ ਗੋਰਖਧੰਦਾ ਬਿਨਾਂ ਕਿਸੇ ਰੋਕ ਟੋਕ ਤੋਂ ਚੱਲ ਰਿਹਾ ਹੈ ਜਿਸ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਚੁੱਕਾ ਹੈ।
ਜਾਣਕਾਰੀ ਅਨੁਸਾਰ ਮਮਦੋਟ ਨਜ਼ਦੀਕ ਬਸਤੀ ਗੁਲਾਬ ਸਿੰਘ ਵਾਲੀ ਵਿੱਚ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਇਹ ਗੋਰਖਧੰਦਾ ਚਲਾਇਆ ਜਾ ਰਿਹਾ ਹੈ। ਅੱਜ ਪੱਤਰਕਾਰਾਂ ਦੀ ਟੀਮ ਵੱਲੋਂ ਖੱਡ ਦਾ ਜਦੋਂ ਮੌਕੇ ’ਤੇ ਦੌਰਾ ਕੀਤਾ ਗਿਆ ਤਾਂ ਮਾਈਨਿੰਗ ਮਾਫ਼ੀਆ ਵੱਲੋਂ ਪੋਕਲੇਨ ਮਸ਼ੀਨ ਨਾਲ ਪੰਜਾਹ ਤੋਂ ਸੱਠ ਫੁੱਟ ਦੀ ਡੂੰਘਾਈ ਤੱਕ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਸੀ। ਪੱਤਰਕਾਰਾਂ ਨੂੰ ਦੇਖ ਕੇ ਮਾਈਨਿੰਗ ਮਾਫ਼ੀਆ ਦੇ ਲੋਕ ਪੋਕਲੇਨ ਮਸ਼ੀਨਾਂ ਛੱਡ ਖੱਡ ਤੋਂ ਦੌੜ ਗਏ। ਵਿਭਾਗ ਦੇ ਨਿਯਮਾਂ ਮੁਤਾਬਕ ਰੇਤੇ ਦੀ ਖੱਡ ਦੀ ਡੂੰਘਾਈ ਦਸ ਫੁੱਟ ਤੋਂ ਡੂੰਘੀ ਨਹੀਂ ਕੀਤੀ ਜਾ ਸਕਦੀ ਪਰ ਮਾਈਨਿੰਗ ਮਾਫ਼ੀਆ ਵੱਲੋਂ ਵਿਭਾਗੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਪੰਜਾਹ ਤੋਂ ਸੱਠ ਫੁੱਟ ਦੀ ਡੂੰਘਾਈ ਤੱਕ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਰੇਤਾ ਦੀ ਕਾਲਾ ਬਾਜ਼ਾਰੀ ਦਾ ਧੰਦਾ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਜਿਸ ਨਾਲ ਇਲਾਕੇ ਦੀਆਂ ਸੜਕਾਂ ਟੁੱਟ ਰਹੀਆਂ ਹਨ।
ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਨੀਤ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਕਸੀਅਨ ਮਾਈਨਿੰਗ ਦੀ ਡਿਊਟੀ ਇਸ ਖੱਡ ਨੂੰ ਚੈੱਕ ਕਰਨ ਲਈ ਲਗਾ ਦਿੱਤੀ ਗਈ ਕਿ ਉਹ ਫੌਰੀ ਤੌਰ ’ਤੇ ਖੱਡ ’ਤੇ ਪਹੁੰਚ ਕੇ ਨੂੰ ਚੈਕਿੰਗ ਕਰਨ।