ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਮਾਨਸਾ, 3 ਜੂਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਵੱਲੋਂ ਪਿਛਲੇ ਕਾਫੀ ਦਿਨਾਂ ਦੌਰਾਨ ਰਾਮਦੇਵ ਵੱਲੋ ਲਗਾਤਾਰ ਕਈ ਵਾਰ ਐਲੋਪੈਥਿਕ ਡਾਕਟਰਾਂ ਨੂੰ ਲੈ ਕੇ ਬਿਨਾਂ ਲੋੜ ਤੋਂ, ਬਿਨਾਂ ਸਮਝ ਤੋਂ ਗੈਰ-ਜ਼ਰੂਰੀ, ਗਲਤ ਸਮੇਂ ’ਤੇ ਭੱਦੀ ਸ਼ਬਦਾਵਲੀ ਵਰਤਣ ਕਾਰਨ ਕਾਲੇ ਬਿੱਲੇ ਲਾਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਯੋਗਾ ਅਤੇ ਆਯੁਰਵੈਦ ਦੇਸ਼ ਦੀ ਆਨ ਤੇ ਸ਼ਾਨ ਹਨ। ਉਨ੍ਹਾਂ ਕਿਹਾ ਕਿ ਪੂਰਾ ਡਾਕਟਰ ਭਾਈਚਾਰਾ ਯੋਗ ਅਤੇ ਆਯੁਰਵੈਦਾ ਦਾ ਤਹਿ ਦਿਲੋਂ ਸਨਮਾਨ ਕਰਦਾ ਹੈ, ਪਰ ਯੋਗ ਅਤੇ ਆਯੁਰਵੈਦ ਕਿਸੇ ਵਿਅਕਤੀ ਵਿਸ਼ੇਸ਼ ਦੀ ਜਾਇਦਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਵਿਚ ਰਾਮਦੇਵ ਵੱਲੋ ਛੇੜਿਆ ਗਿਆ ਵਿਵਾਦ ਐਲੋਪੈਥਿਕ ਅਤੇ ਆਯੁਰਵੈਦਿਕ ਦੀ ਲੜਾਈ ਬਿਲਕੁਲ ਨਹੀਂ ਹੈ, ਇਹ ਵਿਵਾਦ ਸਿਰਫ ਤੇ ਸਿਰਫ ਰਾਮਦੇਵ ਵਲੋਂ ਡਾਕਟਰਾਂ ਪ੍ਰਤੀ ਕੀਤੀਆਂ ਗਈਆਂ ਗੈਰ ਜਰੂਰੀ ਟਿੱਪਣੀਆਂ ਕਾਰਨ ਪੈਦਾ ਹੋਇਆ ਹੈ। ਉਨ੍ਹਾਂ ਰਾਮਦੇਵ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਡਾ. ਹਰਪਾਲ ਸਿੰਘ ਸਰਾਂ, ਡਾ. ਸ਼ੇਰਜੰਗ ਸਿੰਘ ਸਿੱਧੂ, ਡਾ. ਸੁਖਦੇਵ ਡੂਮੇਲੀ, ਡਾ. ਤਰਲੋਕ ਸਿੰਘ, ਡਾ. ਸੁਰੇਸ਼ ਸਿੰਗਲਾ ਨੇ ਵੀ ਸੰਬੋਧਨ ਕੀਤਾ।