ਅਨੋਖਾ ਕਾਰਨਾਮਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਜੂਨ
ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ 305 ਫੁੱਟ ਉੱਚਾ ਸਟੈਚੂ ਆਫ ਲਿਬਰਟੀ ਦਾ ਵਿਸ਼ਾਲ ਪ੍ਰਤੀਰੂਪ ਹੁਣ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਇੱਕ ਛੋਟੇ ਜਿਹੇ ਪਿੰਡ ਲੰਗੇਆਣਾ ਨਵਾਂ ਵਿੱਚ ਅਮਰੀਕਾ ਆਧਾਰਿਤ ਪਰਵਾਸੀ ਪੰਜਾਬੀ ਦੀ ਕੋਠੀ ਉੱਤੇ ਸਥਾਪਤ ਕੀਤਾ ਗਿਆ ਹੈ। ਇਥੇ ਇਸ ਦੀ ਉਚਾਈ 18 ਫੁੱਟ ਹੈ। ਇਹ ਦਿਓਕੱਦ ਸਟੈਚੂ ਆਫ ਲਿਬਰਟੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਦੇ ਨੇੜੇ ਹੀ ਕਰੀਬ 3 ਸਾਲ ਪਹਿਲਾਂ 20 ਮਈ 2021 ਮਿੱਗ ਹਾਦਸੇ ’ਚ ਸ਼ਹੀਦ ਪਾਇਲਟ ਅਭਿਨਵ ਚੌਧਰੀ ਦਾ ਬੁੱਤ ਵੀ ਸਥਾਪਿਤ ਹੈ। ਪਿੰਡ ਲੱਗੇਆਣਾ ਨਵਾਂ ਵਿਚ ਅਮਰੀਕਾ ਅਧਾਰਿਤ ਪਰਵਾਸੀ ਪੰਜਾਬੀ ਗੁਰਮੀਤ ਸਿੰਘ ਉਰਫ਼ ਬੱਬੂ ਬਰਾੜ ਦੀ ਕੋਠੀ ਉੱਤੇ ਸਥਾਪਤ ਸਟੈਚੂ ਆਫ ਲਿਬਰਟੀ ਤਿਆਰ ਕਰਨ ਵਾਲੇ ਮੂਰਤੀਕਾਰ ਮਨਜੀਤ ਸਿੰਘ ਗਿੱਲ ਪਿੰਡ ਘੱਲ ਕਲਾਂ (ਮੋਗਾ) ਨੇ ਦੱਸਿਆ ਕਿ ਇਹ ਮੂਰਤੀ 18 ਫੁੱਟ ਉੱਚੀ ਅਤੇ ਫਾਈਬਰ ਗਲਾਸ ਨਾਲ ਤਿਆਰ ਕੀਤੀ ਗਈ ਹੈ। ਪਰਵਾਸੀ ਪੰਜਾਬੀ ਦਾ ਕਹਿਣਾ ਹੈ ਕਿ ਇਹ ਬੁੱਤ ਅਮਰੀਕਾ ਲਈ ਉਨ੍ਹਾਂ ਦੀ ਯਾਦਗਰ ਸ਼ਰਧਾਂਜਲੀ ਹੈ ਕਿਉਂਕਿ ਉਸ ਦਾ ਅਮਰੀਕਾ ਵਿੱਚ ਸੈਟਲ ਹੋਣ ਦਾ ਸੁਫ਼ਨਾ ਸੀ। ਉਹ ਸਾਲ 2006 ਵਿੱਚ ਅਮਰੀਕਾ ਚਲਾ ਗਿਆ ਅਤੇ ਆਪਣਾ ਟਰਾਂਸਪੋਰਟ ਕਾਰੋਬਾਰ ਸ਼ੁਰੂ ਕੀਤਾ। ਭਾਰਤ ਵਿੱਚ ਵੀ ਪਰਿਵਾਰ ਦਾ ਟਰਾਂਸਪੋਰਟ ਕਾਰੋਬਾਰ ਸੀ। ਇਹ ਮੂਰਤੀ ਅਮਰੀਕਾ ਨੂੰ ਉਨ੍ਹਾਂ ਦੀ ਯਾਦਗਰੀ ਸ਼ਰਧਾਂਜਲੀ ਹੈ ਜਿਸ ਨੇ ਉਨ੍ਹਾਂ ਨੂੰ ਵਿਦੇਸ਼ ਦੀ ਧਰਤੀ ਉੱਤੇ ਆਉਣ ਤੋਂ ਬਾਅਦ ਬਹੁਤ ਕੁਝ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਜਾਣ ਤੋਂ ਬਾਅਦ ਨਾ ਸਿਰਫ ਕਾਰੋਬਾਰ ਵਧਿਆ ਸਗੋਂ ਉਹ ਚੰਗੀ ਜ਼ਿੰਦਗੀ ਵੀ ਜੀਅ ਰਹੇ ਹਨ।
ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਵੱਲੋਂ ਕਰੀਬ 3 ਵਰ੍ਹੇ ਪਹਿਲਾਂ 20 ਮਈ 2021 ਨੂੰ ਇਸੇ ਪਿੰਡ ਵਿਚ ਭਾਰਤੀ ਹਵਾਈ ਸੈਨਾ ਦੇ ਮਿੱਗ-21 ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਸ਼ਹੀਦ ਹੋਏ ਪਾਇਲਟ ਅਭਿਨਵ ਚੌਧਰੀ ਦਾ ਬੁੱਤ ਸਥਾਪਿਤ ਕੀਤਾ ਹੋਇਆ ਹੈ। ਅਭਿਨਵ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਪੁਸਰ ਦਾ ਰਹਿਣ ਵਾਲਾ ਸੀ ਅਤੇ ਇਥੇ ਪ੍ਰਸ਼ਾਸਨ ਤੋਂ ਮਨਜ਼ੂਰੀ ਤੇ ਭਾਰਤੀ ਹਵਾਈ ਫ਼ੌਜ ਦੀ ਕਾਰਵਾਈ ਪੂਰੀ ਹੋਣ ਬਾਅਦ ਉਨ੍ਹਾਂ ਦਾ ਯਾਦਗਾਰੀ ਬੁੱਤ ਸਥਾਪਤ ਕੀਤਾ ਗਿਆ ਹੈ।