ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਅਪਰੈਲ
ਇੱਥੇ ਥਾਣਾ ਨਿਹਾਲ ਸਿੰਘ ਵਾਲਾ ਨੇ ਲੰਘੀ ਰਾਤ ਪਿੰਡ ਮਾਣੂੰਕੇ ਗਿੱਲ ਵਿੱਚ ਪਰਵਾਸੀ ਪੰਜਾਬੀ ਦੀ ਸਕਾਰਪੀਓ ਗੱਡੀ ਨੂੰ ਅੱਗ ਲਾ ਕੇ ਸਾੜਨ, ਲੁੱਟ-ਖੋਹ ਤੇ ਪਤਨੀ ਨਾਲ ਛੇੜਛਾੜ ਦੋਸ਼ ਹੇਠ 5 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾਂ ਤੇ ਏਐੱਸਆਈ ਹਰਬਿੰਦਰ ਸਿੰਘ ਨੇ ਦੱਸਿਆ ਕਿ ਪਰਵਾਸੀ ਪੰਜਾਬੀ ਹਨੀ ਕੁਮਾਰ ਪਿੰਡ ਝੰਡੇਆਣਾ ਅਨੁਸਾਰ ਉਹ ਵੈਨਕੂਵਰ (ਕੈਨੇਡਾ) ਵਿੱਚ ਰਹਿੰਦਾ ਹੈ, ਉਸ ਦੇ ਭਰਾ ਦਾ 4 ਅਪਰੈਲ ਨੂੰ ਵਿਆਹ ਹੈ। ਉਹ ਲੰਘੀ ਰਾਤ ਆਪਣੇ ਨਾਨਕੇ ਪਿੰਡ ਮਾਣੂੰਕੇ ਤੋਂ ਆਪਣੀ ਪਤਨੀ, ਛੋਟੀ ਧੀ ਅਤੇ ਨਾਨੀ ਨੂੰ ਸਕਾਰਪੀਓ ਵਿੱਚ ਵਾਪਸ ਪਿੰਡ ਝੰਡੇਆਣਾ ਛੱਡਣ ਚੱਲਿਆ ਸੀ। ਜਦੋਂ ਉਹ ਗੱਡੀ ਮੋੜਨ ਲੱਗਿਆ ਤਾਂ ਉੱਥੇ ਖੜ੍ਹੇ ਪੰਜ ਨੌਜਵਾਨਾਂ ਦਾ ਉਸ ਨਾਲ ਝਗੜਾ ਹੋ ਗਿਆ। ਪਰਵਾਸੀ ਪੰਜਾਬੀ ਨੇ ਮੁਲਜ਼ਮਾਂ ਉੱਤੇ ਦੋਸ਼ ਲਾਏ ਹਨ ਕਿ ਮੁਲਜ਼ਮਾਂ ਨੇ ਉਸ ਨੂੰ ਗੱਡੀ ’ਚੋਂ ਖਿੱਚ ਕੇ ਉਤਾਰ ਲਿਆ। ਉਸ ਦੀ ਕੁੱਟ ਮਾਰ ਕੀਤੀ ਅਤੇ ਉਸਦੀ ਪਤਨੀ ਦੀ ਬਾਂਹ ਫੜ ਲਈ ਤੇ ਛੇੜਛਾੜ ਕੀਤੀ। ਪਰਵਾਸੀ ਪੰਜਾਬੀ ਮੁਤਾਬਕ ਉਸਦੇ ਪਰਿਵਾਰਕ ਮੈਂਬਰਾਂ ਨੇ ਲੁਕ ਕੇ ਜਾਨ ਬਚਾਈ ਅਤੇ ਰੌਲਾ ਪੈਣ ਉੱਤੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਮੁਲਜ਼ਮ ਗੱਡੀ ਨੂੰ ਸਾੜ ਕੇ ਅਤੇ ਗੱਡੀ ਵਿੱਚ ਪਏ ਬੈਗ ਵਿੱਚੋਂ ਨਗਦੀ ਤੇ ਸੋਨਾ ਲੁੱਟਣ ਬਾਅਦ ਫ਼ਰਾਰ ਹੋ ਗਏ। ਨਿਹਾਲ ਸਿੰਘ ਵਾਲਾ ਪੁਲੀਸ ਨੇ ਪਰਵਾਸੀ ਪੰਜਾਬੀ ਦੀ ਸ਼ਿਕਾਇਤ ਉੱਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਗੋਬਿੰਦ ਸਿੰਘ ਉਰਫ਼ ਕੁੰਦਨ, ਸੰਦੀਪ ਸਿੰਘ, ਗੁਰਦੀਪ ਸਿੰਘ ਉਰਫ਼ ਬੋਹੜਾ, ਕ੍ਰਿਸ਼ਨ ਸਿੰਘ ਉਰਫ਼ ਪਾਲੀ ਸਾਰੇ ਪਿੰਡ ਮਾਣੂੰਕੇ ਗਿੱਲ ਖ਼ਿਲਾਫ ਕੇਸ ਦਰਜ ਕੀਤਾ ਹੈ।