ਪੱਤਰ ਪ੍ਰੇਰਕ
ਭਗਤਾ ਭਾਈ, 8 ਮਈ
ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਕੌਂਸਲ ਦੇ ਮੈਂਬਰ ਰਾਕੇਸ਼ ਪੁਰੀ ਨੇ ਪਿੰਡ ਕੋਠਾ ਗੁਰੂ ਵਿੱਚ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਜਤਿੰਦਰ ਸਿੰਘ ਭੱਲਾ ਦੇ ਗ੍ਰਹਿ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਮੂੰਗੀ, ਮੱਕੀ ਤੇ ਬਾਜਰੇ ਤੇ ਐੱਮਐੱਸਪੀ ਦੇਣਾ ‘ਆਪ’ ਸਰਕਾਰ ਦਾ ਅਹਿਮ ਅਤੇ ਕ੍ਰਾਂਤੀਕਾਰੀ ਫ਼ੈਸਲਾ ਹੈ। ਇਸ ਨਾਲ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ, ਉਥੇ ਧਰਤੀ ਹੇਠਲਾ ਖਤਮ ਹੋ ਰਿਹਾ ਪਾਣੀ ਵੀ ਬਚੇਗਾ। ਉਨ੍ਹਾਂ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਪਾਰਟੀ ਕੋਲ ਕੋਈ ਮੁੱਦਾ ਨਹੀਂ ਰਿਹਾ, ਜਿਸ ਕਰ ਕੇ ਉਹ ਆਪਣੇ ਖੁੱਸ ਚੁੱਕੇ ਵਜੂਦ ਨੂੰ ਬਹਾਲ ਕਰਨ ਲਈ ਸਰਕਾਰ ਖ਼ਿਲਾਫ਼ ਬੇਬੁਨਿਆਦ ਬਿਆਨਬਾਜ਼ੀ ਕਰ ਰਹੇ ਹਨ। ਸ੍ਰੀ ਪੁਰੀ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਚ ਪਾਰਟੀ ਦੇ ਬੂਥ ਪੱਧਰ ਤੋਂ ਸੂਬਾ ਪੱਧਰ ਤੱਕ ਗਠਿਤ ਕੀਤੇ ਸੰਗਠਨ ਦੀ ਵੱਡੀ ਭੂਮਿਕਾ ਹੈ, ਇਸ ਕਰਕੇ ਸੰਗਠਨ ‘ਆਪ’ ਦਾ ਅਹਿਮ ਹਿੱਸਾ ਹੈ। ਇਸ ਮੌਕੇ ਸੂਬਾ ਸੰਯੁਕਤ ਸਕੱਤਰ ਜਤਿੰਦਰ ਸਿੰਘ ਭੱਲਾ, ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿਵੀਆ, ਬਲਜਿੰਦਰ ਕੌਰ ਤੁੰਗਵਾਲੀ, ਸਤਵੀਰ ਕੌਰ ਬਠਿੰਡਾ, ਬਲਵਿੰਦਰ ਸਿੰਘ ਬੱਲੋ ਆਦਿ ਹਾਜ਼ਰ ਸਨ।