ਲਖਵੀਰ ਸਿੰਘ ਚੀਮਾ
ਟੱਲੇਵਾਲ, 30 ਦਸੰਬਰ
ਸਰਕਾਰਾਂ ਭਾਵੇਂ ਕਿਸਾਨਾਂ ਨੂੰ ਕਣਕ-ਝੋਨੇ ਦਾ ਫ਼ਸਲੀ ਚੱਕਰ ਛੱਡ ਕੇ ਖੇਤੀ ਵਿਭਿੰਨਤਾ ਅਪਨਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ, ਪਰ ਮਾੜੀਆਂ ਸਰਕਾਰੀ ਨੀਤੀਆਂ ਕਾਰਨ ਹੀ ਕਿਸਾਨ ਫ਼ਸਲੀ ਚੱਕਰ ਤੋਂ ਬਾਹਰ ਨਹੀਂ ਨਿਕਲ ਰਹੇ। ਕੁੱਝ ਅਗਾਂਹਵਧੂ ਕਿਸਾਨਾਂ ਵਲੋਂ ਫ਼ਸਲੀ ਚੱਕਰ ਨੂੰ ਛੱਡ ਗੰਨੇ ਦੀ ਖੇਤੀ ਸ਼ੁਰੂ ਕੀਤੀ ਗਈ ਪਰ ਮੰਡੀਕਰਨ ਨਾ ਹੋਣ ਅਤੇ ਫ਼ਸਲ ਦੀ ਪੇਮੈਂਟ ਮਿਲਣ ’ਚ ਦੇਰੀ ਹੋਣ ਕਾਰਨ ਕਿਸਾਨਾਂ ਨੇ ਇਸ ਫ਼ਸਲ ਤੋਂ ਹੱਥ ਖਿੱਚ ਲਿਆ ਹੈ। ਬਰਨਾਲਾ ਜ਼ਿਲ੍ਹੇ ਵਿੱਚ ਲਗਾਤਾਰ ਗੰਨੇ ਦੀ ਖੇਤੀ ਦਾ ਰਕਬਾ ਘਟ ਰਿਹਾ ਹੈ। ਜ਼ਿਲ੍ਹੇ ਵਿੱਚ ਐਤਕੀਂ ਸਿਰਫ਼ 296 ਹੈਕਟੇਅਰ ਰਕਬਾ ਗੰਨੇ ਦੀ ਫ਼ਸਲ ਅਧੀਨ ਬਚਿਆ ਹੈ। ਜਦੋਂਕਿ ਪਿਛਲੇ ਵਰ੍ਹੇ 2019 ਵਿੱਚ ਇਹ ਰਕਬਾ 511 ਹੈਕਟੇਅਰ ਅਤੇ 2018 ਵਿੱਚ 547 ਹੈਕਟੇਅਰ ਸੀ। ਪਿਛਲੇ ਤਿੰਨ ਵਰਿਆਂ ਦੌਰਾਨ ਗੰਨੇ ਦੇ ਸਮਰੱਥਨ ਮੁੱਲ ’ਚ ਵਾਧਾ ਨਾ ਹੋਣ ਕਾਰਨ ਕਿਸਾਨ ਗੰਨਾ 310 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਹੀ ਵੇਚ ਰਹੇ ਹਨ।
ਪਿੰਡ ਸੁਖਪੁਰਾ ਦਾ ਕਿਸਾਨ ਜਸਵੀਰ ਸਿੰਘ ਤਿੰਨ ਸਾਲਾਂ ਤੋਂ ਸਾਢੇ 7 ਏਕੜ, ਨਛੱਤਰ ਸਿੰਘ 12 ਸਾਲਾਂ ਤੋਂ 15 ਏਕੜ ਅਤੇ ਪਿੰਡ ਪੱਤੀ ਸੇਖਵਾਂ ਦਾ ਗੁਰਪ੍ਰੀਤ ਸਿੰਘ 4 ਏਕੜ ’ਚ ਗੰਨੇ ਦੀ ਕਾਸ਼ਤ ਕਰ ਰਿਹਾ ਸੀ, ਪਰ ਐਤਕੀਂ ਇਸ ਫ਼ਸਲ ਤੋਂ ਇਨ੍ਹਾਂ ਕਿਸਾਨਾਂ ਨੇ ਕਿਨਾਰਾ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫ਼ਸਲ ਵੇਚਣ ਲਈ ਬਰਨਾਲਾ ਇਲਾਕੇ ਦੇ ਕਿਸਾਨਾਂ ਨੂੰ ਧੂਰੀ ਸ਼ੂਗਰ ਮਿੱਲ ਜਾਣਾ ਪੈਂਦਾ ਹੈ। ਜਿੱਥੇ ਕਈ ਕਈ ਮਹੀਨੇ ਪੇਮੈਂਟ ਨਹੀਂ ਮਿਲਦੀ। ਇਸ ਕਾਰਨ ਭਾਰੀ ਵਿਆਜ ਦੀ ਮਾਰ ਕਿਸਾਨਾਂ ਨੂੰ ਝੱਲਣੀ ਪੈਂਦੀ ਹੈ। ਫ਼ਰਵਰੀ ਮਹੀਨੇ ਵਿੱਚ ਵੇਚੀ ਫ਼ਸਲ ਦਾ ਬਕਾਇਆ ਦਸੰਬਰ ਮਹੀਨੇ ’ਚ ਮਿਲ ਰਿਹਾ ਹੈ। 9 ਮਹੀਨੇ ਫ਼ਸਲ ਦੀ ਪੇਮੈਂਟ ਦਾ ਇੰਤਜ਼ਾਰ ਕਰਨਾ ਪਿਆ ਹੈ। ਫ਼ਸਲ ਵੇਚਣ ਲਈ ਸ਼ੂਗਰ ਮਿੱਲ ਅੱਗੇ 4-4 ਰਾਤਾਂ ਸੜਕ ਕਿਨਾਰੇ ਸੌਣਾ ਪੈਂਦਾ ਹੈ। ਉਪਰੋਂ ਫ਼ਸਲ ਦੇ ਪੈਸੇ ਲੈਣ ਲਈ ਮਿੱਲ ਮਾਲਕਾਂ ਦੀਆਂ ਲੇੇਲੜੀਆਂ ਕੱਢਣੀਆਂ ਪੈਂਦੀਆਂ ਹਨ। ਸੂਬਾ ਸਰਕਾਰ ਵੀ ਇਸ ਲਈ ਕੋਈ ਮੱਦਦ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਫ਼ਸਲ ਦੇ ਸਮਰਥਨ ਮੁੱਲ ਵਿੱਚ 3 ਸਾਲਾਂ ’ਚ ਨਿਗੁੂਣਾ ਵਾਧਾ ਹੋਇਆ ਹੈ, ਜਦੋਂਕਿ ਖ਼ਰਚੇ ਕਈ ਗੁਣਾ ਵਧ ਗਏ ਹਨ। ਇਸ ਕਾਰਨ ਉਹ ਮੁੜ ਝੋਨੇ-ਕਣਕ ਦੀ ਖੇਤੀ ਵੱਲ ਮੁੜੇ ਹਨ।
ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ.ਬਲਦੇਵ ਸਿੰਘ ਨੇ ਕਿਹਾ ਕਿ ਗੰਨੇ ਦੀ ਫ਼ਸਲ ਤੋਂ ਕਿਸਾਨਾਂ ਦਾ ਕਿਨਾਰਾ ਕਰਨ ਦਾ ਮੁੱਖ ਕਾਰਨ ਫ਼ਸਲ ਦੀ ਬਕਾਇਆ ਰਾਸ਼ੀ ਦੇਰੀ ਨਾਲ ਮਿਲਣਾ ਹੈ। ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਹਮੇਸ਼ਾ ਹੀ ਪ੍ਰੇਰਿਤ ਕਰਕੇ ਗੰਨੇ ਦੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਕਿਸਾਨ ਗੰਨੇ ਦੀ ਖੇਤੀ ਕਰਕੇ ਇਸਦਾ ਜੂਸ, ਗੁੜ, ਸ਼ੱਕਰ ਆਦਿ ਬਣਾ ਕੇ ਕਮਾਈ ਕਰ ਸਕਦੇ ਹਨ।