ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਨਵੰਬਰ
ਸਰਕਾਰ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਚੁੱਕੇ ਕਦਮਾਂ ਅਤੇ ਪਰਾਲੀ ਸਾੜਨ ਖ਼ਿਲਾਫ਼ ਕੀਤੀ ਸਖ਼ਤੀ ਸਦਕਾ ਬਠਿੰਡਾ ਜ਼ਿਲ੍ਹੇ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਗ਼ਰਾਫ਼ ਕਾਫੀ ਹੇਠਾਂ ਆਇਆ ਹੈ। ਇਸ ਵਾਰ ਪੰਜਾਬ ਅੰਦਰ ਵਾਤਾਵਰਨ ’ਚ ਹਵਾ ਦੀ ਗੁਣਵੱਤਾ ਦੀ ਔਸਤ ਮਾਤਰਾ ਪਿਛਲੇ ਸਾਲ ਦੇ 318 ਦੇ ਅੰਕੜੇ ਤੋਂ ਕਾਫੀ ਹੇਠਾਂ 118 ਏਕਿਊਆਈ (ਏਅਰ ਕੁਆਲਟੀ ਇੰਡੈਕਸ) ਨਾਪੀ ਗਈ ਹੈ। ਵੇਰਵਿਆਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਜ਼ਿਲ੍ਹੇ ਵਿੱਚ 115 ਟੀਮਾਂ ਫੀਲਡ ਵਿੱਚ ਤਾਇਨਾਤ ਕੀਤੀਆਂ ਹਨ। ਟੀਮਾਂ ਵਿੱਚ ਸਿਵਲ ਤੋਂ ਇਲਾਵਾ ਪੁਲੀਸ ਦਾ ਵੀ ਸਹਿਯੋਗ ਹੈ। ਇਸ ਤੋਂ ਇਲਾਵਾ ਅੱਗ ਬੁਝਾਉਣ ਲਈ 15 ਫਾਇਰ ਟੈਂਡਰ ਵੀ ਤਾਇਨਾਤ ਕੀਤੇ ਗਏ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਾਂਝੇ ਕੀਤੇ ਅੰਕੜਿਆਂ ਪਿਛਲੇ ਸਾਲ 2 ਨਵੰਬਰ ਤੱਕ ਬਠਿੰਡਾ ਜ਼ਿਲ੍ਹੇ ਵਿੱਚ ਅੱਗ ਲੱਗਣ ਦੀਆਂ 405 ਘਟਨਾਵਾਂ ਸਨ, ਜੋ ਇਸ ਵਾਰ 66 ਪ੍ਰਤੀਸ਼ਤ ਘਟ ਕੇ 138 ਤੱਕ ਆ ਗਈਆਂ ਹਨ।