ਸ਼ਗਨ ਕਟਾਰੀਆ
ਬਠਿੰਡਾ, 5 ਨਵੰਬਰ
ਝੋਨੇ ਦੀ ਖਰੀਦ ’ਚ ਅੜਿੱਕਾ, ਡੀਏਪੀ ਦੀ ਘਾਟ ਅਤੇ ਪਰਾਲੀ ਪ੍ਰਬੰਧਨ ਦੇ ਮੁੱਦਿਆਂ ’ਤੇ ਪਿਛਲੇ ਕਈ ਦਿਨਾਂ ਤੋਂ ਸਿਆਸੀ ਨੇਤਾਵਾਂ ਦੇ ਘਰਾਂ ਤੇ ਟੌਲ ਪਲਾਜ਼ਿਆਂ ਉੱਪਰ ਮੋਰਚੇ ਲਾਈ ਬੈਠੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਬਠਿੰਡਾ ਦੇ ਡੀਸੀ ਦੀ ਰਿਹਾਇਸ਼ ਅਤੇ ਮਿਨੀ ਸਕੱਤਰੇਤ ਦੇ ਸਾਰੇ ਗੇਟਾਂ ਨੂੰ ਬੰਦ ਕਰਕੇ ਡੀਸੀ ਦਾ ਉਨ੍ਹਾਂ ਦੇ ਦਫ਼ਤਰ ਵਿੱਚ ਹੀ ਘਿਰਾਓ ਕਰ ਲਿਆ। ਘੇਰਾਬੰਦੀ ਕਰਨ ਵਾਲੇ ਆਗੂਆਂ ’ਚੋਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੀ ਆਗੂ ਹਰਿੰਦਰ ਬਿੰਦੂ ਨੇ ਸਰਕਾਰ ’ਤੇ ਦੋਸ਼ ਲਾਇਆ ਕਿ 80 ਫੀਸਦੀ ਝੋਨੇ ਦੀ ਖਰੀਦ ਅਤੇ ਲਿਫਟਿੰਗ ਬਾਰੇ ਗ਼ਲਤ ਅੰਕੜੇ ਪੇਸ਼ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਸ਼ੈਲਰ ਮਾਲਕਾਂ ਨਾਲ ਹੋਏ ਐਗਰੀਮੈਂਟ ਵਾਲੀਆਂ ਮੰਡੀਆਂ ਵਿੱਚ ਮੰਡੀ ਵਿੱਚ ਪਹੁੰਚੇ ਝੋਨੇ ’ਚੋਂ ਕੇਵਲ 20 ਫੀਸਦੀ ਦੀ ਹੀ ਖਰੀਦ ਹੋਈ ਹੈ ਅਤੇ 5 ਫੀਸਦੀ ਦੀ ਲਿਫਟਿੰਗ ਹੋਈ ਹੈ। ਆਗੂਆਂ ਨੇ ਸ਼ੈਲਰਾਂ ਅਤੇ ਆੜ੍ਹਤੀਆਂ ਉੱਪਰ ਮਿਲੀਭੁਗਤ ਦਾ ਇਲਜ਼ਾਮ ਲਾਉਂਦਿਆਂ ਕਿਸਾਨਾਂ ਦੀ ਵਜ਼ਨੀ ਕਾਟ ਰਾਹੀਂ ਸ਼ਰ੍ਹੇਆਮ ਲੁੱਟ ਕਰਨ ਦੀ ਗੱਲ ਆਖੀ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨੂੰ ਡੀਏਪੀ ਖਾਦ ਦੇ ਨਾਲ ਨੈਨੋ ਡੀਏਪੀ ਜਾਂ ਹੋਰ ਸਾਮਾਨ ਮੱਲੋਜ਼ੋਰੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅੱਗ ਲਾਉਣ ਵਾਲੇ ਕਿਸਾਨਾਂ ਉੱਪਰ ਪਰਚੇ ਕੀਤੇ ਜਾ ਰਹੇ ਹਨ, ਜੁਰਮਾਨੇ ਕੀਤੇ ਜਾ ਰਹੇ ਹਨ ਅਤੇ ਜਮ੍ਹਾਂਬੰਦੀਆਂ ਵਿੱਚ ਰੈੱਡ ਐਂਟਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਜ਼ੋਰ ਲਾਉਣ ਦੀ ਬਜਾਇ ਝੋਨਾ ਖਰੀਦਣ ’ਤੇ ਲਾਉਣਾ ਚਾਹੀਦਾ ਸੀ। ਕਿਸਾਨਾਂ ਦੀਆਂ ਮੰਗਾਂ ’ਤੇ ਆਪਸੀ ਗੱਲਬਾਤ ਕਰਕੇ ਹੱਲ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਵੱਲੋਂ ਆਗੂਆਂ ਨਾਲ ਮੀਟਿੰਗ ਵੀ ਕੀਤੀ ਗਈ, ਜੋ ਬੇਸਿੱਟਾ ਰਹੀ ਅਤੇ ਖ਼ਬਰ ਲਿਖ਼ੇ ਜਾਣ ਤੱਕ ਘਿਰਾਓ ਜਾਰੀ ਸੀ।
ਮੰਡੀ ਕਿੱਲਿਆਂਵਾਲੀ ਵਾਲੀ ਵਿੱਚ ਰੋਸ ਮਾਰਚ
ਲੰਬੀ (ਇਕਬਾਲ ਸਿੰਘ ਸ਼ਾਂਤ): ਲੰਬੀ ਹਲਕੇ ਵਿੱਚ ਝੋਨਾ ਖਰੀਦ ‘ਚ ਕਿਸਾਨਾਂ ਦੀ ਖੱਜਲ-ਖੁਆਰੀ ਰੋਕਣ ਲਈ ਭਾਕਿਯੂ (ਏਕਤਾ) ਉਗਰਾਹਾਂ ਖੁਦ ਮੰਡੀਆਂ ‘ਚ ਨਿੱਤਰ ਪਈ ਹੈ। ਦਾਣਾ ਮੰਡੀ ਵਿਖੇ ਕਾਟ ਵਾਲੇ ਝੋਨੇ ਦੀ ਖਰੀਦ ਖਿਲਾਫ਼ ਅੱਜ ਜਥੇਬੰਦੀ ਦੀ ਲੰਬੀ ਬਲਾਕ ਇਕਾਈ ਨੇ ਮੰਡੀ ਕਿੱਲਿਆਂਵਾਲੀ ਵਿੱਚ ਦਾਣਾ ਮੰਡੀ ’ਚ ਸੰਘਰਸ਼ ਵਿੱਢਿਆ ਅਤੇ ਖਰੀਦ ਏਜੰਸੀਆਂ ਦੇ ਅਮਲੇ ਤੋਂ ਕਿਸਾਨਾਂ ਦੇ ਝੋਨੇ ਦੀ ਬੋਲੀ ਲਗਵਾਈ। ਕਿਸਾਨਾਂ ਮੁਤਾਬਕ ਦਾਣਾ ਮੰਡੀ ਵਿੱਚ ਆੜ੍ਹਤੀਆਂ ਵੱਲੋਂ ਕਾਟ ਵਾਲੇ ਝੋਨੇ ਦੀ ਤੁਰੰਤ ਖਰੀਦ ਕੀਤੀ ਜਾ ਰਹੀ ਹੈ। ਜਦਕਿ ਕਾਟ ਦੇਣ ਤੋਂ ਮੁਨਕਰ ਕਿਸਾਨਾਂ ਨੂੰ ਵੀਹ-ਵੀਹ ਦਿਨਾਂ ਤੱਕ ਖੱਜਲ ਕੀਤਾ ਜਾ ਰਿਹਾ ਹੈ। ਇਸਤੋਂ ਪਹਿਲਾਂ ਕਿਸਾਨਾਂ ਨੇ ਅੱਜ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਦੀ ਅਗਵਾਈ ਹੇਠ ਦਾਣਾ ਮੰਡੀ ਵਿਖੇ ਰੋਸ ਮਾਰਚ ਕੀਤਾ ਅਤੇ ਮਾਰਕੀਟ ਕਮੇਟੀ ਦੇ ਉੱਪ-ਦਫਤਰ ਮੂਹਰੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਜਿਸ ਉਪਰੰਤ ਕਿਸਾਨ ਆਗੂਆਂ ਨਾਲ ਖਰੀਦ ਏਜੰਸੀਆਂ ਦੀ ਮੀਟਿੰਗ ਹੋਈ। ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਇੱਥੇ ਮੋਟੀ ਕਾਟ ਕੱਟਣ ਲਈ ਜਾਣ-ਬੁੱਝ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸ਼ੈਲਰ ਅਤੇ ਖਰੀਦ ਏਜੰਸੀਆਂ ਦੀ ਕਥਿਤ ਮਿਲੀਭੁਗਤ ਕਾਰਨ ਕਿਸਾਨਾਂ ਦੀ ਵੱਡੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਮੌਕੇ ਏਜੰਸੀਆਂ ਦੇ ਅਮਲੇ ਨੇ ਖਰੀਦ ’ਚ ਦੇਰੀ ਨੂੰ ਕਬੂਲਿਆ ਅਤੇ ਅਗਾਂਹ ਤੋਂ ਨਿਰਵਿਘਨ ਖਰੀਦ ਦਾ ਭਰੋਸਾ ਦਿਵਾਇਆ।