ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 14 ਸਤੰਬਰ
ਇਥੇ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਦਿਨ ਦਿਹਾੜੇ ਪਿਸਤੌਲ ਦੀ ਨੋਕ ’ਤੇ ਇੱਕ ਸੁਨਿਆਰ ਕੋਲੋਂ ਢਾਈ ਸੌ ਗ੍ਰਾਮ ਚਾਂਦੀ ਲੁੱਟ ਕੇ ਫਰਾਰ ਹੋ ਗਏ। ਪੀੜਤ ਸੁਨਿਆਰ ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਮੇਨ ਬਾਜ਼ਾਰ ਵਿੱਚ ਸਥਿਤ ਆਪਣੀ ‘ਕਾਲਾ ਜਵੈਲਰ’ ਨਾਮ ਦੀ ਦੁਕਾਨ ਉਪਰ ਬੈਠਾ ਸੀ ਤਾਂ ਮੋਟਰਸਾਈਕਲ ਸਵਾਰ ਨਕਾਬਪੋਸ਼ ਦੋ ਨੌਜਵਾਨ ਦੁਕਾਨ ਉਪਰ ਆਏ, ਜਿਨ੍ਹਾਂ ਨੇ ਉਸ ਨੂੰ ਕੋਕਾ ਦਿਖਾਉਣ ਦੀ ਮੰਗ ਕੀਤੀ। ਉਹ ਉਨ੍ਹਾਂ ਨੂੰ ਕੋਕਾ ਦਿਖਾਉਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਉਨ੍ਹਾਂ ਲੁੱਟ ਦੀ ਨੀਅਤ ਨਾਲ ਪਿਸਤੌਲ ਕੱਢ ਲਿਆ ਤੇ ਦੁਕਾਨ ਦੀ ਫਰੋਲਾ ਫਰਾਲੀ ਕਰਨ ਲੱਗੇ ਤੇ ਦੁਕਾਨ ਦੇ ਕਾਊਂਟਰ ਵਿੱਚ ਪਈ ਲਗਪਗ 18 ਹਜ਼ਾਰ ਰੁਪਏ ਦੀ ਢਾਈ ਸੌ ਗਰਾਮ ਚਾਂਦੀ ਚੁੱਕ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਰੋਹ ਵਿੱਚ ਆਏ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਨੇ ਧਰਨਾ ਲਗਾ ਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਨੇ ਕਿਹਾ ਕਿ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਦਾ ਪਤਾ ਲਗਾ ਕੇ ਜਲਦੀ ਗ੍ਰਿਫਤਾਰ ਕੀਤਾ ਜਾਵੇ। ਡੀਐਸਪੀ ਫੁੂਲ ਜਸਵੀਰ ਸਿੰਘ ਅਤੇ ਥਾਣਾ ਫੁੂਲ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਪੁਲੀਸ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ ਤੇ ਜਲਦੀ ਹੀ ਲੁਟੇਰਿਆਂ ਦਾ ਪਤਾ ਲਾ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ।