ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 7 ਨਵੰਬਰ
ਹਲਕਾ ਰਾਮਪੁਰਾ ਫੂਲ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਦੀ ਅਗਵਾਈ ਹੇਠ ਕਿਸਾਨਾਂ ਨੇ ਭਗਤਾ ਭਾਈ ਦੀ ਦਾਣਾ ਮੰਡੀ ’ਚ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜੱਸ ਬੱਜੋਆਣਾ ਨੇ ਕਿਹਾ ਕਿ ਹਲਕੇ ਦੀਆਂ ਅਨਾਜ ਮੰਡੀਆਂ ‘ਚ ਝੋਨੇ ਦੀ ਪੂਰੀ ਖਰੀਦ ਤੇ ਲਿਫਟਿੰਗ ਨਾ ਹੋਣ ਕਾਰਨ ਝੋਨਾ ਰੱਖਣ ਲਈ ਕੋਈ ਜਗ੍ਹਾ ਨਹੀਂ ਰਹੀ ਜਿਸ ਕਾਰਨ ਕਿਸਾਨ ਪਿਛਲੇ ਇਕ ਮਹੀਨੇ ਤੋਂ ਅਨਾਜ ਮੰਡੀਆਂ ‘ਚ ਰੁਲ ਰਹੇ ਹਨ। ਜੱਸ ਬੱਜੋਆਣਾ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਅਗਲੇ ਦੋ ਦਿਨਾਂ ’ਚ ਖਰੀਦ ਪ੍ਰਬੰਧਾਂ ਵਿਚ ਕੋਈ ਸੁਧਾਰ ਨਾ ਕੀਤਾ ਤਾਂ ਕਿਸਾਨ ਆਪਣੇ ਝੋਨੇ ਦੇ ਟਰਾਲੇ ਭਰ ਕੇ ਐੱਸਡੀਐੱਮ ਦਫਤਰ ਫੂਲ ਦੇ ਬਾਹਰ ਖ਼ੜ੍ਹੇ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਧਰਨਾ ਵੀ ਲਗਾਇਆ ਜਾਵੇਗਾ।