ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜ਼ਾ ਮੰਗਿਆ
ਲਖਵਿੰਦਰ ਸਿੰਘ
ਮਲੋਟ, 19 ਅਕਤੂਬਰ
ਬਠਿੰਡਾ ਖੇਤਰ ਤੋਂ ਬਾਅਦ ਮਲੋਟ ਖਿੱਤੇ ਵਿੱਚ ਵੀ ਨਰਮੇ ਦੀ ਫ਼ਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਕਰਕੇ ਇਸ ਵਾਰ ਨਰਮੇ ਦਾ ਔਸਤਨ ਝਾੜ ਘਟਣ ਦੇ ਆਸਾਰ ਹਨ। ਪਰ ਸਿਹਤ ਵਿਭਾਗ ਦੀ ਮੱਠੀ ਚਾਲ ਕਰਕੇ ਕਿਸਾਨਾਂ ਵਿੱਚ ਡਰ ਦਾ ਆਲਮ ਹੈ। ਪਿੰਡ ਬੁਰਜ ਸਿੱਧਵਾਂ ਦੇ ਕਿਸਾਨ ਦਵਿੰਦਰ ਸਿੰਘ, ਸੁੱਚਾ ਸਿੰਘ, ਸ਼ਮਸ਼ੇਰ ਸਿੰਘ, ਤਲਵਿੰਦਰ ਸਿੰਘ, ਅਵਤਾਰ ਸਿੰਘ, ਕਰਨੈਲ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਨਰਮੇ ਦੀ ਫਸਲ ਨੂੰ ਸ਼ੁਰੂ ਵਿੱਚ ਲੱਗੇ ਟੀਂਡਿਆਂ ਵਿੱਚ ਸੁੰਡੀ ਨਹੀਂ ਸੀ ਪਰ ਜੋ ਹੁਣ ਫਲ ਲੱਗ ਰਿਹਾ ਹੈ, ਉਸ ਵਿੱਚ ਗੁਲਾਬੀ ਸੁੰਡੀ ਦੀ ਭਰਮਾਰ ਹੈ, ਨਵੇਂ ਤਿਆਰ ਹੋ ਰਹੇ ਜ਼ਿਆਦਾਤਰ ਟੀਂਡੇ ਕਾਣੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਨਰਮੇ ਦਾ ਭਾਅ ਠੀਕ ਸੀ,ਪਰ ਸੁੰਡੀ ਕਰਕੇ ਝਾੜ ਘਟ ਗਿਆ। ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰਫ਼ਤਾਰ ਨੂੰ ਤੇਜ਼ ਕਰਦੇ ਹੋਏ ਗੁਲਾਬੀ ਸੁੰਡੀ ਦਾ ਕੋਈ ਹੱਲ ਕਰਨ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਮਲੋਟ ਖੇਤਰ ਵਿੱਚ ਗੁਲਾਬੀ ਸੁੰਡੀ ਕਰਕੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਾ ਕੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬੀਜ ਅਤੇ ਰੇਅ ਸਪਰੇਅ ਜਾਂਚ ਪੜਤਾਲ ਕਰਕੇ ਹੀ ਖਰੀਦਿਆ ਕਰਨ।
ਕੈਪਸ਼ਨ: ਗੁਲਾਬੀ ਸੁੰਡੀ ਦਿਖਾਉਂਦੇ ਬੁਰਜ ਸਿੱਧਵਾਂ ਦੇ ਕਿਸਾਨ। -ਫੋਟੋ-ਲਖਵਿੰਦਰ ਸਿੰਘ