ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 20 ਜੂਨ
ਹਰਿਆਣਾ ਦੇ ਪਿੰਡ ਪੰਨੀਵਾਲਾ ਮੋਰੀਕਾ ’ਚ ਵਿਆਹੀ ਪਿੰਡ ਜੈ ਸਿੰਘ ਵਾਲਾ ਦੀ ਇਕ ਔਰਤ ਨੇ ਆਪਣੇ ਸਹੁਰਿਆਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸਦੀ ਇਲਾਜ ਦੌਰਾਨ ਹਫਤੇ ਭਰ ਬਾਅਦ ਮੌਤ ਹੋ ਗਈ।
ਮ੍ਰਿਤਕਾ ਦੇ ਭਰਾ ਗੁਰਮੇਲ ਸਿੰਘ ਵਾਸੀ ਪਿੰਡ ਜੈ ਸਿੰਘ ਵਾਲਾ ਨੇ ਦੱਸਿਆ ਕਿ ਉਸਦੀ ਭੈਣ ਪਰਮਜੀਤ ਕੌਰ (43 ਸਾਲ), ਤਰਸੇਮ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਪੰਨੀਵਾਲਾ ਮੋਰੀਕਾ (ਸਿਰਸਾ) ਨਾਲ ਵਿਆਹੀ ਹੋਈ ਸੀ, ਜਿਸਦੇ ਤਿੰਨ ਬੱਚੇ ਸਨ। ਗੁਰਮੇਲ ਸਿੰਘ ਨੇ ਦੱਸਿਆ ਕਿ ਉਸਦਾ ਜੀਜਾ ਤਰਸੇਮ ਸਿੰਘ ਸ਼ਰਾਬ ਪੀਣ ਦਾ ਆਦੀ ਹੈ ਅਤੇ ਅਕਸਰ ਹੀ ਉਸਦੀ ਭੈਣ ਪਰਮਜੀਤ ਕੌਰ ਨਾਲ ਕੁੱਟਮਾਰ ਕਰਦਾ ਰਹਿੰਦੀ ਸੀ।
ਉਸ ਨੇ ਦੱਸਿਆ ਕਿ 13 ਜੂਨ ਨੂੰ ਉਸ ਦੇ ਜੀਜੇ, ਉਸ ਦੇ ਛੋਟੇ ਭਰਾ ਗੁਰਪ੍ਰੇਮ ਸਿੰਘ ਅਤੇ ਉਸਦੀ ਪਤਨੀ ਅਤੇ ਲੜਕੇ ਨੇ ਮਿਲ ਕੇ ਉਸਦੀ ਭੈਣ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸਦਾ ਪਤਾ ਲੱਗਣ ’ਤੇ ਉਹ ਆਪਣੀ ਭੈਣ ਨੂੰ ਆਪਣੇ ਘਰ ਜੈ ਸਿੰਘ ਵਾਲਾ ਲੈ ਆਇਆ, ਜਿਥੇ ਆਪਣੇ ਸਹੁਰਿਆਂ ਤੋਂ ਦੁਖੀ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਗੁਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਤਰਸੇਮ ਸਿੰਘ, ਗੁਰਪ੍ਰੇਮ ਸਿੰਘ, ਗੁਰਵਿੰਦਰ ਸਿੰਘ, ਮੂਰਤੀ ਕੌਰ ਸਾਰੇ ਵਾਸੀ ਪੰਨੀਵਾਲਾ ਮੋਰੀਕਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।