ਜੋਗਿੰਦਰ ਸਿੰਘ ਮਾਨ
ਮਾਨਸਾ, 21 ਫਰਵਰੀ
ਪੰਜਾਬ ਦੇ ਮਾਲਵਾ ਖੇਤਰ ਵਿੱਚ ਜਦੋਂ ਵੀ ਵੋਟਾਂ ਦੀ ਪ੍ਰਤੀਸ਼ਤਤਾ ਵਧੀ ਹੈ ਤਾਂ ਉਸ ਵੇਲੇ ਸਰਕਾਰ ਮੁੜ ਹੋਈ ਤੇ ਜਦੋਂ ਵੀ ਵੋਟਾਂ ਘੱਟ ਭੁਗਤੀਆਂ ਹਨ ਤਾਂ ਹਕੂਮਤਾਂ ਦੀ ਅਦਲਾ-ਬਦਲੀ ਹੋਈ ਹੈ। ਇਸ ਵਾਰ ਮਾਲਵਾ ਖੇਤਰ ਵਿੱਚ ਵੋਟ ਪ੍ਰਤੀਸ਼ਤਤਾ ਘਟਣ ਨੂੰ ਲੈ ਕੇ ‘ਆਪ’ ਦੀ ਚੜ੍ਹਤ ਬਾਰੇ ਕਈ ਕਿਆਸਰਾਈਆਂ ਨਵੇਂ ਸਿਰੇ ਤੋਂ ਆਰੰਭ ਹੋ ਗਈਆਂ ਹਨ। ‘ਆਪ’ ਦੇ ਆਗੂਆਂ ਦੇ ਹੌਸਲੇ ਬੇਸ਼ੱਕ ਬਰਕਰਾਰ ਹਨ, ਪਰ ਵੋਟਾਂ ਦੇ ਅੰਕੜਿਆਂ ਨੂੰ ਲੈ ਕੇ ਹੁਣ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਬੜਕ ਮਾਰਨ ਲੱਗੇ ਹਨ। ਮਲਵਈ ਲੋਕਾਂ ਵੱਲੋਂ ਭੁਗਤਾਈਆਂ ਵੱਧ ਵੋਟਾਂ ਕਾਰਨ ਦੋ ਵਾਰ ਸ੍ਰੋਮਣੀ ਅਕਾਲੀ ਦਲ ਦੀ ਗੌਰਮਿੰਟ ਮੁੜ ਬਣੀ ਹੈ ਤੇ ਛੇ ਵਾਰ ਥੋੜ੍ਹੀਆਂ ਵੋਟਾਂ ਪੈਣ ਕਾਰਨ ਹਕੂਮਤ ਤਬਦੀਲ ਹੋਈ ਹੈ।
ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਪਿਛਲੇ ਲਗਭਗ 12 ਵਾਰ ਭੁਗਤੀਆਂ ਵੋਟਾਂ ਦੀ ਇਹ ਰਵਾਇਤ ਰਹੀ ਹੈ ਕਿ ਵੋਟ ਪੋਲਿੰਗ ਦੇ ਵਧਣ-ਘਟਣ ਨਾਲ ਹੀ ਜਿੱਤ-ਹਾਰ ਦਾ ਫੈਸਲਾ ਹੋਇਆ ਹੈ, ਪਰ ਇਸ ਵਾਰ ਨਵਾਂ ਰੁਝਾਨ ਕੀ ਰਹੇਗਾ, ਇਹ 10 ਮਾਰਚ ਨੂੰ ਹੀ ਪਤਾ ਲੱਗੇਗਾ।
ਵੇਰਵਿਆਂ ਅਨੁਸਾਰ 2017 ’ਚ 76.83 ਪ੍ਰਤੀਸ਼ਤ ਵੋਟਾਂ ਪਈਆਂ ਸਨ ਤੇ ਹੁਣ 16ਵੀਂ ਵਿਧਾਨ ਸਭਾ ਲਈ ਬੀਤੀ ਕੱਲ੍ਹ ਪਈਆਂ ਵੋਟਾਂ ’ਚ 67.80 ਪ੍ਰਤੀਸ਼ਤ ਵੋਟਾਂ ਭੁਗਤਣ ਦੇ ਅੰਕੜੇ ਹਾਸਲ ਹੋਏ ਹਨ, ਜਿਸ ਨੇ ਮਾਲਵਾ ਖੇਤਰ ਦੇ ਆਪ ਆਗੂਆਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ।
ਜਾਣਕਾਰੀ ਮੁਤਾਬਕ 1967 ’ਚ ਸ੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਸੀ ਤੇ ਉਸ ਵੇਲੇ ਵੋਟ ਪ੍ਰਤੀਸ਼ਤਤਾ 71.18 ਰਹੀ ਸੀ, ਜਦੋਂਕਿ ਦੋ ਸਾਲਾਂ ਬਾਅਦ ਮੁੜ ਪਈਆਂ ਵੋਟਾਂ ’ਚ ਪ੍ਰਤੀਸ਼ਤਤਾ ਵਧਕੇ 72.27 ਹੋਈ ਤੇ ਮੁੜ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਨ ਬਾਰੇ ਵੇਰਵੇ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ 2007 ਵਿੱਚ 75.45 ਤੇ 2012 ਵਿੱਚ 78.22 ਪ੍ਰਤੀਸ਼ਤ ਵੋਟ ਪੋਲਿੰਗ ਹੋਣ ਕਾਰਨ ਪ੍ਰਕਾਸ਼ ਸਿੰਘ ਬਾਦਲ ਮੁੜ ਮੁੱਖ ਮੰਤਰੀ ਬਣ ਗਏ ਸਨ।
ਉਧਰ, 1972 ਵਿੱਚ 68.63 ਵੋਟਾਂ ਭੁਗਤੀਆਂ ਤਾਂ ਸ੍ਰੋਮਣੀ ਅਕਾਲੀ ਦਲ ਦੀ ਥਾਂ ਕਾਂਗਰਸ ਆ ਗਈ, ਕਿਉਂਕਿ 1967 ਨਾਲੋਂ ਘੱਟ ਵੋਟਾਂ ਪੋਲ ਹੋਈਆਂ ਸਨ। ਇਸੇ ਤਰ੍ਹਾਂ 1977 ’ਚ ਮੁੜ ਘੱਟ ਵੋਟਾਂ ਪੈਣ ਕਾਰਨ ਕਾਂਗਰਸ ਦੀ ਸਰਕਾਰ ਬਦਲ ਗਈ ਤੇ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਆ ਗਿਆ, ਉਸ ਵੇਲੇ ਲੋਕਾਂ ਦੇ ਮਨਾਂ ’ਚ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਐਮਰਜੈਂਸੀ ਲਾਉਣ ਦਾ ਵੀ ਵਿਰੋਧ ਸੀ। ਇਸੇ ਤਰ੍ਹਾਂ 1980 ਵਿੱਚ ਵੋਟ ਪ੍ਰਤੀਸ਼ਤ 1977 ਨਾਲੋਂ ਘੱਟ ਗਿਆ ਤਾਂ ਮੁੜ ਕਾਂਗਰਸ ਦੇ ਦਰਬਾਰਾ ਸਿੰਘ ਮੁੱਖ ਮੰਤਰੀ ਬਣ ਗਏ।
ਵੇਰਵੇ ਇਹ ਵੀ ਦੱਸਦੇ ਹਨ ਕਿ 1985 ’ਚ ਜਦੋਂ ਵੋਟ ਪ੍ਰਤੀਸ਼ਤ 1980 ਦੇ (64.33) ਨਾਲੋਂ ਵੱਧ ਕੇ 67.56 ਫੀਸਦ ਹੋ ਗਈ ਤਾਂ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ। ਇਸੇ ਤਰ੍ਹਾਂ 1992 ’ਚ ਸਿਰਫ਼ 23.80 ਫੀਸਦੀ ਵੋਟਿੰਗ ਹੋਈ ਤਾਂ ਕਾਂਗਰਸ ਦੇ ਬੇਅੰਤ ਸਿੰਘ ਮੁੱਖ ਮੰਤਰੀ ਬਣ ਗਏ। ਉਸ ਤੋਂ ਬਾਅਦ 1997 ’ਚ ਵੋਟਾਂ ਭੁਗਤਣ ਦੀ ਦਰ 68.71 ਹੋ ਗਈ ਤਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ।