ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਜੁਲਾਈ
ਇਥੇ ਵਾਹਨ ਕੰਪਨੀਆਂ ਨੇ ਲੋਕਾਂ ਤੋਂ ਗਊ ਸੈੱਸ ਦੇ ਰੂਪ ਵਿੱਚ ਵਸੂਲੇ ਲੱਖਾਂ ਰੁਪਏ ਨਗਰ ਨਿਗਮ ਨੂੰ ਦੇਣ ਤੋਂ ਟਾਲਾ ਵੱਟ ਲਿਆ ਹੈ। ਪੰਜਾਬ ’ਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਤੋਂ ਇਲਾਵਾ ਨਗਰ ਪੰਚਾਇਤਾਂ ਨੇ ਗਊ ਸੈੱਸ ਇਕੱਤਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਹਨ। ਕੁਝ ਸਥਾਨਕ ਵਾਹਨ ਡੀਲਰਾਂ ਨੇ ਲੋਕਾਂ ਤੋਂ ਵਸੂਲਿਆ ਕਰੀਬ 30 ਲੱਖ ਰੁਪਏ ਦਾ ਗਊ ਸੈੱਸ ਭਰਨ ਤੋਂ ਪਾਸਾ ਵੱਟ ਲਿਆ ਹੈ। ਪੰਜਾਬ ਸਰਕਾਰ ਵੱਲੋਂ 9 ਆਈਟਮਾਂ ’ਤੇ ਗਊ ਸੈੱਸ ਲਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬੰਦ ਹੋ ਚੁੱਕੀ ਇੱਕ ਦੋਪਹੀਆ ਕੰਪਨੀ ਵੱਲ ਕਰੀਬ 5 ਲੱਖ, ਇੱਕ ਹੋਰ ਦੁਪਹੀਆ ਵਾਹਨ ਕੰਪਨੀ ਵੱਲ ਕਰੀਬ 10.76 ਲੱਖ ਅਤੇ ਹੋਰ ਨਾਮੀ ਵਾਹਨ ਡੀਲਰਾਂ ਵੱਲ 50 ਹਜ਼ਾਰ ਤੋਂ 5 ਲੱਖ ਰੁਪਏ ਤੱਕ ਦਾ ਗਊ ਸੈੱਸ ਬਕਾਇਆ ਹੈ। ਲੋਕਾਂ ਕੋਲੋਂ ਵਾਹਨ ਡੀਲਰ ਟਰਾਂਸਪੋਰਟ ਵਿਭਾਗ ਰਾਹੀਂ ਚਾਰ ਪਹੀਆ ਵਾਹਨ ਦਾ ਇੱਕ ਹਜ਼ਾਰ ਅਤੇ ਦੁਪਹੀਆ ਵਾਹਨ ਦਾ 300 ਰੁਪਏ ਗਊ ਸੈੱਸ ਵਸੂਲ ਰਹੇ ਹਨ। ਸੂਬੇ ’ਚ ਅੰਦਾਜ਼ਨ 80ਕਰੋੜ ਰੁਪਏ ਸਾਲਾਨਾ ਤੋਂ ਵੱਧ ਦਾ ਗਊ ਸੈੱਸ ਇਕੱਠਾ ਹੋਣ ਦਾ ਅਨੁਮਾਨ ਹੈ। ਇਸ ਦੇ ਬਾਵਜੂਦ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ ਹੈ ਤੇ ਉਹ ਕੂੜੇ ਵਿਚ ਮੂੰਹ ਮਾਰ ਕੇ ਆਪਣਾ ਪੇਟ ਭਰਦੇ ਹਨ। ਭਾਵੇਂ ਸਰਕਾਰ ਵੱਲੋਂ ਵੱਖ-ਵੱਖ ਸਰਕਾਰੀ ਸੇਵਾਵਾਂ ’ਤੇ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਗਊ ਸੈੱਸ ਲਗਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਬੇਸਹਾਰਾ ਤੇ ਆਵਾਰਾ ਪਸ਼ੂਆਂ ਦੀ ਗਿਣਤੀ ਵਿੱਚ ਕਮੀ ਨਹੀਂ ਆਈ ਹੈ। ਸਰਕਾਰ ਨੂੰ ਲੋਕਾਂ ਤੋਂ ਗਊ ਸੈੱਸ ਦੇ ਨਾਂ ’ਤੇ ਵਸੂਲੇ ਜਾਂਦੇ ਪੈਸੇ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।
ਮੇਅਰ ਵੱਲੋਂ ਛੇਤੀ ਕਾਰਵਾਈ ਦਾ ਭਰੋਸਾ
ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਨੇ ਕਿਹਾ ਕਿ ਉਨ੍ਹਾਂ ਕਰੀਬ 2 ਮਹੀਨੇ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ। ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਉਹ ਜਲਦੀ ਹੀ ਵਾਹਨ ਕੰਪਨੀਆਂ ਵੱਲ ਬਕਾਇਆ ਗਊ ਸੈੱਸ ਵਸੂਲੀ ਲਈ ਕਾਰਵਾਈ ਕਰਨਗੇ।