ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਜੂਨ
ਇੱਥੇ ਕਾਂਗਰਸ ’ਚ ਪੈਦਾ ਹੋਈ ਧੜੇਬੰਦੀ ਦੀ ‘ਕੁੜੱਤਣ’ ਸਾਫ ਦਿਖਾਈ ਦੇਣ ਲੱਗ ਪਈ ਹੈ। ਦੇਸ਼ ’ਚ ਵਧ ਰਹੀਆਂ ਪੈਟਰੋਲ-ਡੀਜ਼ਲ ਤੇਲ ਕੀਮਤਾਂ ਖ਼ਿਲਾਫ਼ ਜ਼ਿਲ੍ਹਾ ਕਾਂਗਰਸ ਵੱਲੋਂ ਦਿੱਤੇ ਧਰਨੇ ’ਚ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ। ਇੱਥੇ ਕੈਪਟਨ ਤੇ ਬਾਜਵਾ ਦੋਵਾਂ ਧੜਿਆਂ ਨੇ ਵੱਖਰੇ ਧਰਨੇ ਅਤੇ ਡੀਸੀ ਨੂੰ ਵੀ ਵੱਖਰੇ ਮੰਗ ਪੱਤਰ ਦਿੱਤੇ ਗਏ। ਇੱਥੇ ਤਕਰੀਬਨ 2 ਸਾਲ ਪਹਿਲਾਂ ਜ਼ਿਲ੍ਹਾ ਪ੍ਰਧਾਨ ਦੀ ਤਾਇਨਾਤੀ ਨੂੰ ਲੈ ਕੇ ਪਾਰਟੀ ਦੋਫ਼ਾੜ ਚਲੀ ਆ ਰਹੀ ਹੈ।
ਇੱਥੇ ਜ਼ਿਲ੍ਹਾ ਸਕੱਤਰੇਤ ਅੱਗੇ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸਾਬਕਾ ਸੰਸਦ ਮੈਂਬਰ ਕੇਵਲ ਸਿੰਘ, ਰਾਜਵਿੰਦਰ ਕੌਰ ਭਾਗੀਕੇ ਤੇ ਵਿਜੇ ਸਾਥੀ (ਦੋਵੇਂ ਵਿਧਾਇਕ), ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਡਾ. ਤਾਰਾ ਸਿੰਘ ਸੰਧੂ (ਦੋਵੇਂ ਜ਼ਿਲ੍ਹਾ ਪ੍ਰਧਾਨ) ਇੰਦਰਜੀਤ ਸਿੰਘ ਬੀੜ ਚੜਿੱਕ, ਜ਼ਿਲ੍ਹਾ ਇੰਟਕ ਪ੍ਰਧਾਨ ਐਡਵੋਕੇਟ ਵਿਜੇ ਧੀਰ, ਓਪਿੰਦਰ ਸਿੰਘ ਗਿੱਲ, ਹਰੀ ਸਿੰਘ ਖਾਈਠ ਬਲਾਕ ਸਮਿਤੀ ਚੇਅਰਮੈਨ ਹਰਨੇਕ ਸਿੰਘ ਰਾਮੂੰਵਾਲਾ ਆਦਿ ਨੇ ਕੇਂਦਰ ਵੱਲੋਂ ਪੈਟਰੋਲ-ਡੀਜ਼ਲ ਦੀਆਂ ਵਧਾਈਆਂ ਕੀਮਤਾਂ ਅਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਬਾਰੇ ਮੋਦੀ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ।
ਦੂਜੇ ਪਾਸੇ ਨਗਰ ਸੁਧਾਰ ਟਰਸਟ ਮਾਰਕੀਟ ਵਿੱਚ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ, ਮਾਰਕੀਟ ਕਮੇਟੀ ਚੇਅਰਮੈਨ ਰਾਮਪਾਲ ਧਵਨ ਅਤੇ ਨਗਰ ਸੁਧਾਰ ਟਰੱਸਟ ਚੇਅਰਮੈਨ ਵਿਨੋਦ ਬਾਂਸਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਰਾਜ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਲੋਕਾਂ ਦੀ ਜੇਬ ਨਾਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੋਹਾਂ ਦੂਰ ਹਨ।