ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਅਪਰੈਲ
ਇੱਥੇ ਹਾਕਮ ਧਿਰ ਦੀ ਧੜੇਬੰਦੀ ਕਾਰਨ ਮੇਅਰ ਸਬੰਧੀ ਰੇੜਕੇ ਕਰਕੇ ਚੋਣ ਲਟਕ ਗਈ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦਾ ਤਾਜ ਕਿਸ ਦੇ ਸਿਰ ਸਜੇਗਾ, ਇਸ ਬਾਰੇ ਸਸਪੈਂਸ ਬਰਕਰਾਰ ਹੈ। ਪਾਰਟੀ ਹਾਈ ਕਮਾਂਡ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਅਹੁਦੇ ਲਈ ਤਜਰਬੇਕਾਰ ਮਹਿਲਾ ਕੌਂਸਲਰ ਜਾਂ ਹੋਰ ਕੌਂਸਲਰ ਨੂੰ ਮੇਅਰ ਬਣਾਉਣ ਸਬੰਧੀ ਮੰਥਨ ਕਰ ਰਹੀ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਕੁਝ ਦਿਨ ਪਹਿਲਾਂ ਕੌਂਸਲਰਾਂ ਦੀ ਨਬਜ਼ ਪਛਾਨਣ ਲਈ ਇੱਥੇ ਆਏ ਸਨ। ਇਸ ਮੌਕੇ ਹਾਕਮ ਧਿਰ ਦੇ 30 ਕੌਂਸਲਰਾਂ ’ਚੋਂ ਇੱਕ ਨੇ ਮੰਤਰੀ ਤੇ ਬਾਕੀ 29 ਕੌਂਸਲਰਾਂ ਨੇ ਵਿਧਾਇਕ ਡਾ. ਹਰਜੋਤ ਕਮਲ ਉੱਤੇ ਫ਼ੈਸਲਾ ਸੁੱਟ ਦਿੱਤਾ ਸੀ। ਇੱਥੇ ਨਗਰ ਨਿਗਮ ਵਿੱਚ ਕੁੱਲ 50 ਵਿੱਚੋਂ ਕਾਂਗਰਸ ਦੇ 20, ਅਕਾਲੀ ਦਲ ਦੇ 15, ਆਪ ਦੇ 4, ਭਾਜਪਾ ਦਾ 1 ਅਤੇ 10 ਆਜ਼ਾਦ ਉਮੀਦਵਾਰ ਜਿੱਤੇ ਸਨ। ਇੱਥੇ ਅਕਾਲੀ ਦਲ ਨੇ ਕਾਂਗਰਸ ਨੂੰ ਕਰੜੀ ਟੱਕਰ ਦਿੱਤੀ ਸੀ ਅਤੇ ਵਾਰਡ ਨੰਬਰ 1 ਤੋਂ ਵਿਧਾਇਕ ਹਰਜੋਤ ਕਮਲ ਦੀ ਪਤਨੀ ਰਾਜਿੰਦਰ ਕੌਰ, ਅਕਾਲੀ ਦਲ ਦੀ ਉਮੀਦਵਾਰ ਹੱਥੋਂ ਚੋਣ ਹਾਰ ਗਏ ਸਨ। ਇੱਥੇ ਅਕਾਲੀ ਦਲ ਵੀ ਮੇਅਰ ਬਣਾਉਣ ਦੀ ਸਥਿਤੀ ਵਿੱਚ ਸੀ, ਪਰ ਨਤੀਜਿਆਂ ਤੋਂ ਇੱਕ ਦਿਨ ਬਾਅਦ ਕਾਂਗਰਸ ਸੂਬਾਈ ਪ੍ਰ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਆਜ਼ਾਦ ਕੌਂਸਲਰਾਂ ਨੂੰ ਪਾਰਟੀ ’ਚ ਸ਼ਾਮਲ ਕਰਵਾ ਲੈਣ ਕਾਰਨ ਅਜਿਹਾ ਨਹੀਂ ਹੋ ਸਕਿਆ। ਹਾਕਮ ਧਿਰ ਦੇ ਚੁਣੇ ਗਏ ਬਹੁਗਿਣਤੀ ਕੌਂਸਲਰ ਨੌਜਵਾਨ ਅਤੇ ਨਵੇਂ ਚਿਹਰੇ ਹਨ। ਕਾਂਗਰਸ ਸੂਤਰਾਂ ਮੁਤਾਬਕ ਸਥਾਨਕ ਵਿਧਾਇਕ ਨਾਰੀ ਸ਼ਕਤੀ ਦੇ ਹੱਕ ’ਚ ਹਨ, ਪਰ ਉਨ੍ਹਾਂ ਦੀ ਪਸੰਦ ਹਾਈ ਕਮਾਂਡ ਨੂੰ ਪਸੰਦ ਨਹੀਂ ਆਈ। ਕਾਂਗਰਸੀ ਸੂਤਰਾਂ ਅਨੁਸਾਰ ਪਾਰਟੀ ਤਜਰਬੇ ਵਾਲੀ ਪੜ੍ਹੀ-ਲਿਖੀ ਮਹਿਲਾ ਕੌਂਸਲਰ ਜਾਂ ਹੋਰ ਕੌਂਸਲਰ ਨੂੰ ਮੇਅਰ ਬਣਾਉਣ ਦੇ ਹੱਕ ਵਿੱਚ ਹੈ।