ਪੱਤਰ ਪ੍ਰੇਰਕ
ਮਾਨਸਾ, 29 ਅਕਤੂਬਰ
ਤਿਉਹਾਰਾਂ ਦੇ ਦਿਨਾਂ ਦੌਰਾਨ ਮਾਨਸਾ ਦੇ ਇੱਕ ਪੈਟਰੋਲ ਪੰਪ ’ਤੇ ਲੰਘੀ ਅੱਧੀ ਰਾਤ ਨੂੰ ਸੁੱਟੇ ਗਏ ਹੈਂਡ ਗ੍ਰੇਨਡ ਦੇ ਮਾਮਲੇ ਵਿੱਚ ਪੁਲੀਸ ਦੇ ਅਜੇ ਵੀ ਹੱਥ ਖਾਲੀ ਹਨ। ਪੁਲੀਸ ਵੱਲੋਂ ਮੁੱਖ ਮਾਰਗ ’ਤੇ ਲੱਗੇ ਹੋਏ ਸੀਸੀਟੀਵੀ ਕੈਮਰੇ ਪੜਤਾਲੇ ਜਾ ਰਹੇ ਹਨ ਪਰ ਇਸਦੇ ਬਾਵਜੂਦ ਪੁਲੀਸ ਦੇ ਪੱਲੇ ਕੁਝ ਨਹੀਂ ਪਿਆ ਹੈ। ਪੁਲੀਸ ਵੱਲੋਂ ਰਾਤ ਭਰ ਲਾਏ ਹੋਏ ਨਾਕਿਆਂ ’ਤੇ ਤਾਇਨਾਤ ਜ਼ਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੈਟਰੋਲ ਪੰਪ ਉਤੇ ਮਾਨਸਾ ਪੁਲੀਸ ਦੀ ਪਹਿਰੇਦਾਰੀ ਲਗਾਤਾਰ ਜਾਰੀ ਹੈ ਅਤੇ ਜਿਹੜੇ ਮੋਬਾਈਲ ’ਤੇ ਵਿਦੇਸ਼ੀ ਵੱਟਸਐਪ ਕਾਲ ਰਾਹੀਂ ਪੰਪ ਮਾਲਕ ਤੋਂ 5 ਕਰੋੜ ਦੀ ਫ਼ਿਰੋਤੀ ਮੰਗੀ ਗਈ ਹੈ, ਉਸ ਦੀ ਘੋਖ ਕੀਤੀ ਜਾ ਰਹੀ ਹੈ। ਮਾਨਸਾ ਸਬ-ਡਵੀਜ਼ਨ ਦੇ ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈ ਕੇ ਇਸਦੀ ਬੜੀ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਆਈ ਵੱਟਸਐਪ ਕਾਲ ਸਮੇਤ ਘਟਨਾ ਲਈ ਜ਼ਿੰਮੇਵਾਰ ਲੋਕਾਂ ਦੀ ਸੀਸੀਟੀਵੀ ਕੈਮਰਿਆਂ ਰਾਹੀਂ ਖੁਰਾ-ਖੋਜ ਲੱਭੀ ਜਾ ਰਹੀ ਹੈ। ਪੁਲੀਸ ਨੇ ਹੈਂਡ ਗ੍ਰੇਨਡ ਨੂੰ ਵੀ ਕਈ ਮਾਮਲਿਆਂ ਤੋਂ ਪਰਖਿਆ ਅਤੇ ਘੋਖਿਆ ਜਾ ਰਿਹਾ ਹੈ ਕਿ ਅਜਿਹੇ ਯੰਤਰ ਕਿੱਥੋਂ ਤਿਆਰ ਹੋਕੇ, ਕਿਹੜੇ ਰਸਤੇ ਰਾਹੀਂ ਮਾਨਸਾ ਤੱਕ ਪੁੱਜੇ ਹਨ। ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਪੰਪ ਮਾਲਕਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਕੇ ਇਸ ਦੀ ਜਾਣਕਾਰੀ ਪਾਰਟੀ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਤੱਕ ਪਹੁੰਚਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਢਿੱਲੀ ਕਾਰਵਾਈ ਨੇ ਆਮ ਲੋਕਾਂ ਵਿੱਚ ਤਿਉਹਾਰਾਂ ਦੇ ਦਿਨਾਂ ਦੌਰਾਨ ਦਹਿਸ਼ਤ ਪੈਦਾ ਕਰ ਦਿੱਤੀ ਹੈ।