ਪੱਤਰ ਪ੍ਰੇਰਕ
ਮਾਨਸਾ, 5 ਅਕਤੂਬਰ
ਕੋਈ ਵੇਲਾ ਸੀ ਜਦੋਂ ਮਾਲਵਾ ਖੇਤਰ ਵਿਚ ਕਾਮਰੇਡਾਂ ਦੀਆਂ ਲਾਲ ਪੱਗਾਂ ਦੂਰ ਤਕ ਚਮਕਦੀਆਂ ਸਨ। ਕਿਸੇ ਵੇਲੇ ਕਾਂਗਰਸੀਆਂ ਦੀਆਂ ਚਿੱਟੀਆਂ ਪੱਗਾਂ ਦੀ ਤੂਤੀ ਬੋਲਦੀ ਹੁੰਦੀ ਸੀ, ਕਦੀ ਅਕਾਲੀਆਂ ਦੀਆਂ ਨੀਲੀਆਂ ਪੱਗਾਂ ਦਾ ਹੜ੍ਹ ਆਇਆ ਅਤੇ ਕੋਈ ਵੇਲਾ ਸੀ ਜਦੋਂ ਕੇਸਰੀ ਦਸਤਾਰਾਂ ਹੀ ਸਿਰਾਂ ‘ਤੇ ਸਜਦੀਆਂ ਸਨ, ਪਰ ਹੁਣ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਉਮੜੇ ਮਲਵਈਆਂ ਦੇ ਸੈਲਾਬਾਂ ਵਿਚ ਸਿਰਫ਼ ਹਰੀਆਂ ਪੱਗਾਂ ਹੀ ਬਗ਼ਾਵਤ ਦੀ ਦੁਹਾਈ ਦੇ ਰਹੀਆਂ ਹਨ। ਪਿੰਡਾਂ ‘ਚੋਂ ਆਉਂਦੀਆਂ ਮੁਟਿਆਰਾਂ ਦੇ ਸਿਰਾਂ ਉਤੇ ਬਸੰਤੀ ਚੁੰਨੀਆਂ ਨਵੇਂ ਜਨਮੇ ਸੰਘਰਸ਼ ਦੀ ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ ਹਨ।
ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਮਘਣ ਤੋਂ ਬਾਅਦ ਹੁਣ ਬਹੁਤੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਰੀਸੋ- ਰੀਸ ਸਿਆਸੀ ਨੇਤਾ ਵੀ ਹਰੀਆਂ ਪੱਗਾਂ ਬੰਨ੍ਹਣ ਲਈ ਮਜਬੂਰ ਹੋਣ ਲੱਗੇ ਹਨ ਤਾਂ ਜੋ ਕਿਸਾਨਾਂ ਦੇ ਪੁੱਤ ਹੋ ਕੇ ਘੋਲਾਂ ਵਿਚ ਭਾਗ ਲੈ ਸਕਣ। ਸਿਆਸੀ ਧਿਰਾਂ ਦੇ ਆਗੂਆਂ ਵਾਂਗ ਲੋਕ ਗਲਾਂ ਵਿਚ ਹਰੇ ਪਰਨੇ ਪਾਉਣ ਲੱਗੇ ਹਨ। ਕੱਪੜੇ ਦੀਆਂ ਦੁਕਾਨਾਂ ਤੋਂ ਸਭ ਤੋਂ ਵੱਧ ਹਰੇ ਰੰਗ ਦੀਆਂ ਦਸਤਾਰਾਂ ਵਿਕਣ ਲੱਗੀਆਂ ਹਨ, ਜਿਸ ਤੋਂ ਅੰਨਦਾਤਾ ਦੇ ਹੱਕ ਵਿਚ ਉੱਠੇ ਧੂੰਏਂ ਦਾ ਸਹੀ ਸਮਾਂ ਆਇਆ ਵਿਖਾਈ ਦੇਣ ਲੱਗਾ ਹੈ।
ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਘੋਲਾਂ ’ਚ ਭਾਗ ਲੈਣ ਵਾਲੀਆਂ ਮਾਈਆਂ ਦੇ ਬਸੰਤੀ ਚੁੰਨੀਆਂ ਨਾਲ ਕੀਤੇ ਸਨਮਾਨਾਂ ਤੋਂ ਬਾਅਦ ਹੁਣ ਇਹ ਮਲਵਈ ਜਾਈਆਂ ਉਨ੍ਹਾਂ ਦੁਪੱਟਿਆਂ ਨੂੰ ਸੰਘਰਸ਼ੀ ਪ੍ਰੋਗਰਾਮਾਂ ਵਿਚ ਸਿਰਾਂ ’ਤੇ ਲੈ ਕੇ ਆਉਣ ਲੱਗੀਆਂ ਹਨ। ਪਿੰਡਾਂ ਵਿਚੋਂ ਹੁਣ ਅਨੇਕਾਂ ਐਸੇ ਘਰ ਸਾਹਮਣੇ ਆਉਣ ਲੱਗੇ ਹਨ, ਜਿਨ੍ਹਾਂ ਵਿਚੋਂ ਪਰਿਵਾਰਾਂ ਦੇ ਕਈ-ਕਈ ਜੀਅ ਇਨ੍ਹਾਂ ਅੰਦੋਲਨਾਂ ਵਿਚ ਭਾਗ ਲੈਣ ਲੱਗੇ ਹਨ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ਵਿਚ ਉਨ੍ਹਾਂ ਦੀ ਜਥੇਬੰਦੀ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਸਮੇਤ ਅਨੇਕਾਂ ਹੋਰ ਜਥੇਬੰਦੀਆਂ ਹਰੀਆਂ ਪੱਗਾਂ ਸਿਰਾਂ ’ਤੇ ਬੰਨ੍ਹਣ ਲੱਗੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੋਂ ਬਿਨਾਂ ਲਗਪਗ ਸਾਰੀਆਂ ਜਥੇਬੰਦੀਆਂ ਇਹ ਪੱਗਾਂ ਬੰਨ੍ਹਣ ਲੱਗੀਆਂ ਹਨ ਅਤੇ ਇਸ ਜਥੇਬੰਦੀ ਵੱਲੋਂ ਔਰਤਾਂ ਦਾ ਸਨਮਾਨ ਬਸੰਤੀ ਰੰਗ ਦੀਆਂ ਚੁੰਨੀਆਂ ਨਾਲ ਕੀਤਾ ਜਾਣ ਲੱਗਾ ਹੈ। ਇਨ੍ਹਾਂ ਵੱਲੋਂ ਸੰਘਰਸ਼ਾਂ ਦੌਰਾਨ ਟੈਂਟਾਂ ਦੇ ਰੰਗ ਵੀ ਆਪਣੇ ਜਥੇਬੰਦਕ ਝੰਡੇ ਵਾਂਗ ਬਸੰਤੀ ਕੀਤੇ ਹੋਏ ਹਨ।