ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 2 ਅਗਸਤ
ਮੁਕਤਸਰ-ਕੋਟਕਪੂਰਾ ਮੁੱਖ ਮਾਰਗ ਉੱਪਰ ਸਥਿਤ ਡਿਪਟੀ ਕਮਿਸ਼ਨਰ ਦਫਤਰ ਤੋਂ ਦੋ ਕਿਲੋਮੀਟਰ ਦੂਰ ਸਥਿਤ ਪਿੰਡ ਇਕ ਮਹੀਨੇ ਤੋਂ ਬਾਰਸ਼ਾਂ ਦੇ ਪਾਣੀ ’ਚ ਡੁੱਬਿਆ ਹੋਇਆ ਹੈ। ਸੈਂਕੜੇ ਏਕੜ ਰਕਬੇ ਵਿੱਚ ਖੜ੍ਹਾ ਨਰਮਾ ਸੜ ਗਿਆ ਅਤੇ ਝੋਨਾ ਡੁੱਬ ਕੇ ਮਰ ਗਿਆ। ਸੈਂਕੜੇ ਘਰ ਢਹਿ ਗਏ। ਗਰੀਬ ਬਸਤੀ ਬਰਬਾਦ ਹੋ ਗਈ। ਸ਼ਮਸ਼ਾਨਘਾਟ ‘ਚ ਗੋਡੇ-ਗੋਡੇ ਪਾਣੀ ਭਰ ਗਿਆ। ਲੋਕ ਮੁਰਦਿਆਂ ਦਾ ਸਸਕਾਰ ਸ਼ਹਿਰ ਦੇ ਸ਼ਮਸ਼ਾਨਘਾਟਾਂ ‘ਚ ਕਰਨ ਲਈ ਮਜਬੂਰ ਹੋ ਗਏ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਦੇ ਕੰਨ ‘ਤੇ ਜੂੰ ਨਹੀਂ ਸਰਕੀ। ਇਸ ਕਾਰਨ ਉਜਾੜੇ ਦਾ ਸ਼ਿਕਾਰ ਹੋਏ ਲੋਕਾਂ ਨੇ ‘ਦਿਹਾਤੀ ਮਜ਼ਦੂਰ ਸਭਾ’, ‘ਪੰਜਾਬ ਖੇਤ ਮਜ਼ਦੂਰ ਯੂਨੀਅਨ’ ਅਤੇ ‘ਭਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ’ ਦੀ ਅਗਵਾਈ ‘ਚ ਪਿੰਡ ‘ਚ ਰੈਲੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਹਰਪਾਲ ਸਿੰਘ ਸੰਗੂਧੌਣ, ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ, ਕੁਲਦੀਪ ਸਿੰਘ ਚਿੱਬੜਾਂਵਾਲੀ, ਜਸਵਿੰਦਰ ਸਿੰਘ ਸੰਗੂਧੌਣ ਤੇ ਰਾਜਾ ਸਿੰਘ ਮਹਾਂਬੱਧਰ ਨੇ ਕਿਹਾ ਕਿ ਲੋਕਾਂ ਦੇ ਘਰ ਪਾਣੀ ‘ਚ ਡੁੱਬੇ ਹੋਏ ਹਨ ਅਤੇ ਉਹ ਬੱਚਿਆਂ ਸਮੇਤ ਪਿੰਡ ਦੇ ਸਰਕਾਰੀ ਸਕੂਲ ‘ਚ ਬੈਠੇ ਹਨ। ਪ੍ਰਸ਼ਾਸਨ ਨੂੰ ਵਾਰ-ਵਾਰ ਪਾਣੀ ਦੀ ਨਿਕਾਸੀ ਅਤੇ ਲੋੜੀਂਦਾ ਸਾਮਾਨ ਦੇਣ ਦੇ ਤਰਲੇ ਪਾਏ ਜਾ ਰਹੇ ਹਨ ਪਰ ਪ੍ਰਸ਼ਾਸਨ ਲੰਮੀਆਂ ਤਾਣ ਕੇ ਸੁੱਤਾ ਹੈ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਹਰਪਾਲ ਸਿੰਘ ਸੰਗੂਧੌਣ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ, ਕੁਲਦੀਪ ਸਿੰਘ ਚਿੱਬੜਾਂਵਾਲੀ, ਜਸਵਿੰਦਰ ਸਿੰਘ ਸੰਗੂਧੌਣ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਰਾਜਾ ਸਿੰਘ ਮਹਾਂਬੱਧਰ ਨੇ ਦੱਸਿਆ ਕਿ ਪਿਛਲੀ ਦਿਨੀਂ ਪਈ ਬਾਰਿਸ਼ ਕਾਰਨ ਮਜ਼ਦੂਰਾਂ ਦੀ ਨੀਵੀਂ ਬਸਤੀ ‘ਚ ਪਾਣੀ ਭਰ ਜਾਣ ਕਾਰਨ ਮਜ਼ਦੂਰਾਂ ਦੇ ਘਰ ਡੁੱਬ ਗਏ ਹਨ ਅਤੇ ਸਾਰੇ ਮਜ਼ਦੂਰ ਪਰਿਵਾਰ ਆਪਣਾ ਘਰ ਦਾ ਸਾਜ਼ੋ ਸਾਮਾਨ ਚੁੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਬੈਠਿਆਂ ਨੂੰ 12 ਦਿਨ ਹੋਣ ਦੇ ਬਾਅਦ ਵੀ ਪ੍ਰਸ਼ਾਸਨ ਤੇ ਪਿੰਡ ਦੀ ਪੰਚਾਇਤ ਨੇ ਕੋਈ ਸਾਰ ਨਹੀਂ ਲਈ।
ਆਗੂਆਂ ਮੰਗ ਕੀਤੀ ਕਿ ਮੁਸੀਬਤ ’ਚ ਫਸੇ ਮਜ਼ਦੂਰਾਂ ਨੂੰ ਫੌਰੀ ਸਾਰਾ ਰਾਸ਼ਨ ਦਿੱਤਾ ਜਾਵੇ, ਤੰਬੂ ਲਾਉਣ ਲਈ ਤਰਪਾਲਾਂ ਦਿੱਤੀਆਂ ਜਾਣ, ਮਜ਼ਦੂਰਾਂ ਦੀ ਬਸਤੀ ‘ਚ ਖੜ੍ਹਾ ਪਾਣੀ ਕੱਢਿਆ ਜਾਵੇ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਪਾਣੀ ਦੀ ਢੁੱਕਵੀਂ ਨਿਕਾਸੀ ਨਾ ਕੀਤੀ ਤਾਂ ਉਹ ਸੰਘਰਸ਼ ਵਿੱਢਣਗੇ। ਇਸ ਦੌਰਾਨ ਤਹਿਸੀਲਦਾਰ ਮੁਕਤਸਰ ਰਮੇਸ਼ ਕੁਮਾਰ ਨੇ ਦੱਸਿਆ ਕਿ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਹੁਕਮ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।