ਪੱਤਰ ਪ੍ਰੇਰਕ
ਅਬੋਹਰ, 7 ਦਸੰਬਰ
ਅਬੋਹਰ ਕਾਂਗਰਸ ਦੇ ਇੰਚਾਰਜ ਸੰਦੀਪ ਜਾਖੜ ਨੇ ਅੱਜ ਸਥਾਨਕ ਸਰਕਾਰੀ ਮਾਡਲ ਹਾਈ ਸਮਾਰਟ ਸਕੂਲ ਵਿੱਚ 8.15 ਲੱਖ ਦੀ ਲਾਗਤ ਨਾਲ ਬਣੀ ਲਾਇਬ੍ਰੇਰੀ ਅਤੇ 6 ਲੱਖ ਦੀ ਲਾਗਤ ਨਾਲ ਬਣੇ ਬਾਸਕਟਬਾਲ ਗਰਾਊਂਡ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸੰਦੀਪ ਜਾਖੜ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਆਤਮਾ ਰਾਮ, ਡੀਪੀਈ ਰਜਿੰਦਰਪਾਲ ਸਿੰਘ ਬਰਾੜ ਹਾਜ਼ਰ ਸਨ। ਵਿਸ਼ੇਸ਼ ਮਹਿਮਾਨ ਵਜੋਂ ਨਗਰ ਨਿਗਮ ਦੇ ਮੇਅਰ ਵਿਮਲ ਠਠਾਈ ਨੇ ਸਕੂਲ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸੇ ਦੌਰਾਨ ਸਰਕਾਰੀ ਹਾਈ ਸਮਾਰਟ ਸਕੂਲ ਵਿੱਚ ਨਵੀਂ ਬਣੀ ਸੈਲਫ ਸਮਾਰਟ ਸ਼ੂਟਿੰਗ ਰੇਂਜ ਦਾ ਉਦਘਾਟਨ ਕਾਂਗਰਸੀ ਆਗੂ ਸੰਦੀਪ ਜਾਖੜ ਵੱਲੋਂ ਕੀਤਾ ਗਿਆ। ਇਸ ਮੌਕੇ ਨਗਰ ਕਾਂਗਰਸ ਪ੍ਰਧਾਨ ਮੋਹਨ ਲਾਲ ਠੱਠਈ, ਮਲਕੀਤ ਸਿੰਘ ਸਿੱਧੂ, ਰਾਮ ਪ੍ਰਕਾਸ਼ ਜਿੰਦਲ, ਸੁਸ਼ੀਲ ਗੋਇਲ, ਕੌਂਸਲਰ ਪੁਨੀਤ ਅਰੋੜਾ ਸੋਨੂੰ, ਸਕੂਲ ਪ੍ਰਿੰਸੀਪਲ ਵਰਿੰਦਰ ਪ੍ਰਤਾਪ, ਡੀ.ਪੀ.ਅਸ਼ੀਸ਼ ਕੁਮਾਰ, ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਸ੍ਰੀ ਜਾਖੜ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਇਹ ਪਹਿਲੀ ਸ਼ੂਟਿੰਗ ਰੇਂਜ ਹੈ ਜੋ ਕਿ ਸਕੂਲ ਦੀ ਵੱਡੀ ਪ੍ਰਾਪਤੀ ਹੈ।