ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 26 ਮਈ
ਖੇਤਰ ਵਿੱਚ ਲੰਘੇ ਦੋ ਹਫ਼ਤਿਆਂ ਵਿੱਚ ਹੀ ਲੁੱਟਾਂ ਖੋਹਾਂ ਦੀਆਂ ਕੋਈ ਅੱਧੀ ਦਰਜਨ ਦੇ ਕਰੀਬ ਵੱਡੀਆਂ ਛੋਟੀਆਂ ਵਾਰਦਾਤਾਂ ਹੋ ਚੁੱਕੀਆਂ ਹਨ। 18 ਮਈ ਨੂੰ ਥਾਣੇ ਦੇ ਘੇਰੇ ਹੇਠ ਆਉਂਦੇ ਨਜ਼ਦੀਕੀ ਪਿੰਡ ਧਰਮ ਸਿੰਘ ਵਾਲਾ ਲਿੰਕ ਸੜਕ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਬ੍ਰਾਹਮਕੇ ਤੋਂ ਲੁਟੇਰਿਆਂ ਨੇ ਪੰਜਾਹ ਹਜ਼ਾਰ ਰੁਪਏ ਲੁੱਟ ਲਏ। ਉਸੇ ਦਿਨ ਹੀ ਰਾਤ ਨੌਂ ਵਜੇ ਦੇ ਕਰੀਬ ਜਗਦਰਸ਼ਨ ਫਿਲਿੰਗ ਸਟੇਸ਼ਨ ਪੈਟਰੋਲ ਪੰਪ ਦੇ ਇਕ ਕਰਿੰਦੇ ਤੋਂ ਜੋਗੇਵਾਲਾ ਮੁੱਖ ਸੜਕ ਉੱਪਰੋਂ ਲੁਟੇਰੇ ਪੰਦਰਾਂ ਹਜ਼ਾਰ ਰੁਪਏ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਲੰਘੀ ਸ਼ਾਮ ਮੂੰਹ ਬੰਨ੍ਹੀ ਮੋਟਰਸਾਈਕਲ ਸਵਾਰ ਲੁਟੇਰੇ ਇੱਥੋਂ ਦੇ ਨੌਜਵਾਨ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਅਸਫਲ ਸਿੱਧ ਹੋ ਰਹੀ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਰਲੀਨ ਸਿੰਘ ਖੁਰਾਣਾ ਨੇ ਦੱਸਿਆ ਹੈ ਕਿ ਵਾਰਦਾਤਾਂ ਕਰਨ ਵਾਲੇ ਗਰੋਹ ਨੂੰ ਲੁਧਿਆਣਾ ਪੁਲੀਸ ਨੇ ਲੰਘੇ ਦਿਨੀਂ ਕਾਬੂ ਕੀਤਾ ਹੈ ਅਤੇ ਮੋਗਾ ਪੁਲੀਸ ਉਨ੍ਹਾਂ ਤੋਂ ਜਲਦ ਹੀ ਲਿਆ ਕੇ ਪੁੱਛਗਿੱਛ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੁੱਚੇ ਥਾਣਿਆਂ ਅੰਦਰ ਮੁਲਾਜ਼ਮਾਂ ਦੀ ਨਫਰੀ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਥਾਣਾ ਮੁਖੀ ਨੂੰ ਸ਼ਹਿਰ ਵਿੱਚ ਗਸ਼ਤ ਹੋਰ ਤੇਜ਼ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਹਥਿਆਰ ਦਿਖਾ ਕੇ ਮੋਟਰਸਾਈਕਲ ਖੋਹਿਆ
ਨਿਹਾਲ ਸਿੰਘ ਵਾਲਾ(ਪੱਤਰ ਪ੍ਰੇਰਕ): ਇੱਥੇ ਬਲਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਭੋਡੀਪੁਰਾ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਉਹ ਦੁਪਹਿਰੇ ਮੋਟਰਸਾਇਕਲ ’ਤੇ ਸੈਨੀਟੇਸ਼ਨ ਮੋਟੀਵੇਟਰ ਦੀ ਡਿਊਟੀ ’ਤੇ ਜਵਾਹਰ ਸਿੰਘ ਵਾਲਾ ਤੋਂ ਰਾਊਕੇ ਕਲਾਂ ਨੂੰ ਜਾ ਰਿਹਾ ਸੀ ਤਾਂ ਭੱਠਿਆਂ ਦੇ ਨੇੜੇ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਕਿੱਟ ਖੋਹ ਲਈ ਅਤੇ ਫ਼ਰਾਰ ਹੋ ਗਏ। ਕਿੱਟ ’ਚਕਰੀਬ 2200 ਰੁਪਏ ਅਤੇ ਜ਼ਰੂਰੀ ਕਾਗਜ਼ ਪੱਤਰ ਸਨ । ਦੂਜੀ ਘਟਨਾ ਥਾਣਾ ਨਿਹਾਲ ਸਿੰਘ ਵਾਲਾ ਦੇ ਸਾਹਮਣੇ ਬਣੇ ਤਹਿਸੀਲ ਕੰਪਲੈਕਸ ’ਚ ਵਾਪਰੀ। ਪੀੜਤ ਵਿਅਕਤੀ ਜਸਵੰਤ ਸਿੰਘ ਪੁੱਤਰ ਸੱਘੜ ਸਿੰਘ ਵਾਸੀ ਲੋਹਾਰਾ ਨੇ ਦੱਸਿਆ ਕਿ ਉਹ ਮੋਟਰਸਾਈਕਲ ਬਜਾਜ ਸੀਟੀ 100, ਨੰ. ਪੀਬੀ 66 ਏ. 1731 ਨੂੰ ਤਹਿਸੀਲ ਕੰਪਲੈਕਸ ’ਚ ਖੜ੍ਹਾ ਕਰਕੇ ਅਦਾਲਤ ’ਚ ਗਿਆ ਸੀ। ਜਦੋਂ ਆਇਆ ਤਾਂ ਵਾਹਨ ਗਾਇਬ ਸੀ। ਸਬ-ਡਿਵੀਜ਼ਨ ਦੇ ਏਐੱਸਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਬੰਧਤ ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ। ਮੁਲਜ਼ਮ ਜਲਦ ਕਾਬੂ ਕਰ ਲਏ ਜਾਣਗੇ।