ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਮਈ
ਨਿੱਜੀ ਸਕੂਲਾਂ ਦੀਆਂ ਕਿਤਾਬਾਂ ਵੇਚਣ ਦੇ ਮਾਮਲੇ ਵਿੱਚ ਚਰਚਿਤ ਦੋ ਦੁਕਾਨਾਂ ਉਪਰ ਅੱਜ ਆਮਦਨ ਕਰ ਵਿਭਾਗ ਦੀ ਉਚ ਪੱਧਰੀ ਟੀਮ ਵੱਲੋਂ ਛਾਪਾਮਾਰੀ ਕੀਤੀ ਗਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਦੁਕਾਨਾਂ ਉਪਰ ਜ਼ਿਲ੍ਹਾ ਭਰ ਦੇ ਨਿੱਜੀ ਸਕੂਲਾਂ ਦੀਆਂ ਕਿਤਾਬਾਂ ਵਿਕਦੀਆਂ ਹਨ ਜਿਨ੍ਹਾਂ ਸਬੰਧੀ ਮਾਪਿਆਂ ਵੱਲੋਂ ਅਕਸਰ ਭਾਰੀ ਕੀਮਤਾਂ ਹੋਣ ਦੀ ਦੁਹਾਈ ਦਿੱਤੀ ਜਾਂਦੀ ਰਹਿੰਦੀ ਹੈ। ਪੇਰੈਂਟਸ ਐਸੋਸੀਏਸ਼ਨ ਵੱਲੋਂ ਵੀ ਕਿਤਾਬਾਂ ਦੀਆਂ ਵੱਧ ਕੀਮਤਾਂ ਅਤੇ ਸਿਰਫ ਦੋਹਾਂ ਦੁਕਾਨਾਂ ਤੋਂ ਹੀ ਕਿਤਾਬਾਂ ਮਿਲਣ ਦੀ ਮਜ਼ਬੂਰੀ ਨੂੰ ਪ੍ਰਸ਼ਾਸਨ ਕੋਲ ਰੱਖਿਆ ਜਾਂਦਾ ਰਿਹਾ ਹੈ| ਸੇਲ ਟੈਕਸ ਵਿਭਾਗ ਦਾ ਛਾਪਾ ਵੀ ਇਨ੍ਹਾਂ ਸ਼ਕਾਇਤਾਂ ਦਾ ਕਾਰਨ ਜਾਪਦਾ ਹੈ| ਇਸ ਦੌਰਾਨ ਦੁਕਾਨ ਦੇ ਮਾਲਕ ਸਤੀਸ਼ ਅਰੋੜਾ ਨੇ ਦੱਸਿਆ ਕਿ ਆਮਨ ਕਰ ਵਿਭਾਗ ਦੀ ਟੀਮ ਨੇ ਉਨ੍ਹਾਂ ਦੀ ਕੋਟਕਪੂਰਾ ਰੋਡ ਅਤੇ ਖਾਲਸਾ ਸਕੂਲ ਰੋਡ ਸਥਿਤ ਦੋਹਾਂ ਦੁਕਾਨਾਂ ਉਪਰ ਛਾਪਾਮਾਰੀ ਕੀਤੀ ਸੀ| ਇਸ ਦੌਰਾਨ ਅਧਿਕਾਰੀ ਉਨ੍ਹਾਂ ਦੀਆਂ ਵਹੀਆਂ, ਲੈਪਟਾਪ, ਕੰਪਿਊਟਰ, ਮੋਬਾਈਲ ਫੋਨ ਅਤੇ ਹੋਰ ਦਸਤਾਵੇਜ਼ ਲੈ ਗਏ ਹਨ| ਦੁਕਾਨ ਵਿੱਚ ਪਈ ਨਗਦੀ ਦੀ ਵੀ ਗਿਣਤੀ ਕੀਤੀ ਗਈ ਅਤੇ ਮਾਲ ਦੀ ਗਿਣਤੀ-ਮਿਣਤੀ ਵੀ ਕੀਤੀ ਗਈ|
ਇਸ ਦੌਰਾਨ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਨਰੇਸ਼ ਕੁਮਾਰ ਖੋਖਰ ਨੇ ਦੱਸਿਆ ਕਿ ਵਿਭਾਗ ਵੱਲੋਂ ਸਾਂਈ ਬੁੱਕ ਪਲਾਜ਼ਾ ਅਤੇ ਅਰੋੜਾ ਬੁੱਕ ਡਿੱਪੂ ਉਪਰ ਛਾਪਾ ਮਾਰਿਆ ਗਿਆ ਸੀ ਅਤੇ ਲੋੜੀਂਦੀ ਜਾਣਕਾਰੀ ਅਤੇ ਸਮੱਗਰੀ ਹਾਸਲ ਕਰ ਲਈ ਗਈ ਹੈ ਜਿਸਦੀ ਪੜਤਾਲ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।