ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਕਤੂਬਰ
ਮਾਲਵਾ ਖੇਤਰ ਵਿੱਚ ਰੇਲ ਪਟੜੀਆਂ, ਰਿਲਾਇੰਸ ਦੇ ਪੈਟਰੋਲ ਪੰਪਾਂ ਅਤੇ ਟੋਲ-ਪਲਾਜ਼ਿਆਂ ਸਮੇਤ ਹੋਰਨਾਂ ਥਾਵਾਂ ਉਪਰ ਦਿੱਤੇ ਜਾ ਰਹੇ ਧਰਨਿਆਂ ਵਿੱਚ ਲਗਾਤਾਰ ਸੰਘਰਸ਼ੀ ਕਿਸਾਨਾਂ ਦਾ ਜੋਸ਼ ਵੱਧ ਰਿਹਾ ਹੈ। ਭਾਵੇਂ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਵੱਲੋਂ ਕਿਸਾਨਾਂ ਨੂੰ 8 ਅਕਤੂਬਰ ਨੂੰ ਗੱਲਬਾਤ ਲਈ ਲਿਖਤੀ ਸੱਦਾ ਪੱਤਰ ਭੇਜਿਆ ਗਿਆ ਹੈ ਪਰ ਉਸ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਰੱਦ ਕਰਨ ਤੋਂ ਬਾਅਦ ਮਾਲਵਾ ਖੇਤਰ ਵਿਚਲੇ ਧਰਨਿਆਂ ਅਤੇ ਰੋਸ ਮੁਜ਼ਾਹਰਿਆਂ ਨੂੰ ਹੋਰ ਹੁਲਾਰਾ ਮਿਲਿਆ ਹੈ।
ਮਾਨਸਾ ਦੀਆਂ ਰੇਲ ਪਟੜੀਆਂ ‘ਤੇ ਦਿੱਤੇ ਗਏ ਧਰਨੇ ਨੂੰ ਦੇਸ਼ ਦੀ ਸਾਂਝੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਡਾ. ਸੁਨੀਲਮ ਮੱਧ ਪ੍ਰਦੇਸ਼ ਨੇ ਵਿਸ਼ੇਸ ਤੌਰ ‘ਤੇ ਪਹੁੰਚ ਕੇ ਸੰਬੋਧਨ ਕੀਤਾ। ਅੱਜ ਰੇਲ ਰੋਕੋ ਅੰਦੋਲਨ ਦੇ 7ਵੇਂ ਦਿਨ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜੇਕਰ ਇਹ ਕਾਨੂੰਨ ਵਾਪਸ ਨਾ ਲਏ ਗਏ ਜਾਂ ਕਿਸਾਨਾਂ ‘ਤੇ ਤਸ਼ੱਦਦ ਦੀਆਂ ਘਟਨਾਵਾਂ ਦੁਹਰਾਈਆਂ ਗਈਆਂ ਤਾਂ ਕਿਸਾਨ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਜੁਗਰਾਜ ਸਿੰਘ ਹੀਰਕੇ, ਜਸਬੀਰ ਕੌਰ ਨੱਤ, ਅਮਰੀਕ ਸਿੰਘ ਫਫੜੇ, ਭਜਨ ਸਿੰਘ ਘੁੰਮਣ, ਜਲੌਰ ਸਿੰਘ ਦੂਲੋਵਾਲ, ਨਿਰਮਲ ਸਿੰਘ ਝੰਡੂਕੇ, ਕੁਲਦੀਪ ਸਿੰਘ ਚੱਕ ਭਾਈਕੇ, ਮਲੂਕ ਸਿੰਘ ਹੀਰਕੇ ਆਦਿ ਨੇ ਵੀ ਸੰਬੋਧਨ ਕੀਤਾ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਪ੍ਰੀਤ): ਮੁਕਤਸਰ ਰੇਲਵੇ ਸਟੇਸ਼ਨ ਉਪਰ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਧਰਨੇ ਵਿੱਚ ਕਿਸਾਨਾਂ ਤੇ ਆੜਤੀਆਂ ਤੋਂ ਇਲਾਵਾ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ ਤੇ ਹੋਰ ਕਈ ਜਥੇਬੰਦੀਆਂ ਸ਼ਾਮਲ ਹੋਈਆਂ। ਇਸ ਮੌਕੇ ਬਲਵਿੰਦਰ ਸਿੰਘ ਥਾਂਦੇਵਾਲਾ ਹਰਪ੍ਰੀਤ ਸਿੰਘ ਝਬੇਲਵਾਲੀ ਸੁਖਦੇਵ ਸਿੰਘ ਬੂੜਾ ਗੁੱਜਰ ਨਿਰਮਲ ਸਿੰਘ ਨਿਰਮਲ ਸਿੰਘ ਜੱਸੇਆਣਾ ਜਗਦੇਵ ਸਿੰਘ ਕਾਨਿਆਂਵਾਲੀ ਆਦਿ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਜਾਰੀ ਰਹੇਗਾ।
ਨੌਜਵਾਨ ਵੀ ਸੰਘਰਸ਼ੀ ਪਿੜ ’ਚ ਉਤਰੇ
ਕੋਟਕਪੂਰਾ( ਨਿੱਜੀ ਪੱਤਰ ਪ੍ਰੇਰਕ): ਕਿਸਾਨਾਂ ਦੇ ਇਥੇ ਦਿੱਤੇ ਜਾ ਰਹੇ ਧਰਨੇ ‘ਚ ਅੱਜ ਕਿਸਾਨਾਂ ਦੇ ਨੌਜਵਾਨ ਮੁੰਡੇ ਵੀ ਆਪਣੇ ਮਾਪਿਆਂ ਨਾਲ ਮੈਦਾਨ ਵਿਚ ਨਿੱਤਰ ਆਏ। ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੇ ਹੌਂਸਲੇ ਦਾ ਪ੍ਰਦਰਸ਼ਨ ਕੀਤਾ ਤੇ ਸਿਆਸੀ ਧਿਰਾਂ ਨੂੰ ਇਹ ਸੰਦੇਸ਼ ਦਿੱਤਾ ਕਿ ਉਹ ਨਾ ਥੱਕਣਗੇ ਤੇ ਨਾ ਪਿੱਛੇ ਹਟਣਗੇ। ਇਨ੍ਹਾਂ ਨੌਜਵਾਨਾਂ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੇਖ ਰਹੇ ਹਨ ਕਿ ਉਨ੍ਹਾਂ ਦੇ ਮਾਪੇ ਦਿਨ ਰਾਤ ਘਰੋਂ ਬਾਹਰ ਰਹਿੰਦੇ ਹਨ ਤੇ ਕੇਂਦਰੀ ਖੇਤੀ ਕਾਨੂੰਨ ਖ਼ਿਲਾਫ਼ ਲੜਾਈ ਲੜ ਰਹੇ ਹਨ। ਇਸ ਕਰਕੇ ਉਨ੍ਹਾਂ ਇਸ ਲੜਾਈ ਵਿਚ ਆਪਣੇ ਮਾਪਿਆਂ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ। ਭਾਜਪਾ ਦੀ ਸੂਬਾਈ ਸਕੱਤਰ ਸੁਨੀਤਾ ਰਾਣੀ ਗਰਗ ਦੀ ਰਿਹਾਇਸ਼ ਇਥੇ ਪ੍ਰੇਮ ਨਗਰ ਵਿਖੇ ਰਿਹਾਇਸ਼ ਅੱਗੇ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਕਿਸਾਨਾਂ ਵੱਲੋਂ ਦਿਨ ਤੇ ਰਾਤ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ਵਿਚ ਸ਼ਾਮਲ ਕਈ ਕਿਸਾਨ ਆਗੂ ਅਜਿਹੇ ਵੀ ਹਨ ਜੋ ਪਿਛਲੇ ਪੰਜ ਦਿਨਾਂ ਤੋਂ ਆਪੋ-ਆਪਣੇ ਘਰ ਨਹੀਂ ਗਏ। ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਦਿੱਤੇ ਜਾ ਰਹੇ ਇਸ ਧਰਨੇ ਦਾ ਪ੍ਰਤੀ ਦਿਨ ਆਗਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲਿਆਂ ‘ਤੇ ਜੁੱਤੀਆਂ ਮਾਰ ਕੇ ਕੀਤਾ ਜਾਂਦਾ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਯੋਗੀ ਸਰਕਾਰ ਦੀ ਆਲੋਚਨਾ ਕੀਤੀ।