ਜੋਗਿੰਦਰ ਸਿੰਘ ਮਾਨ
ਮਾਨਸਾ, 13 ਮਈ
ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਲੂ ਚੱਲਣ ਕਾਰਨ ਖੇਤਰ ਵਿੱਚ ਗਰਮੀ ਦਾ ਪ੍ਰਕੋਪ ਹੋਰ ਵਧ ਗਿਆ ਹੈ। ਉੱਧਰ, ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ। ਸੂਬੇ ਦੇ ਬਹੁਤ ਜ਼ਿਲ੍ਹਿਆਂ ਵਿੱਚ ਅੱਜ ਪਾਰਾ 45 ਡਿਗਰੀ ਤੋਂ ਪਾਰ ਰਿਹਾ ਅਤੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ ਤਿੰਨ-ਚਾਰ ਦਿਨਾਂ ਵਿੱਚ ਗਰਮੀ ਦੀ ਲਹਿਰ ਦੇ ਨਾਲ ਕਈ ਥਾਵਾਂ ’ਤੇ ਤੇਜ਼ ਹਨੇਰੀ ਦੀ ਸੰਭਾਵਨਾ ਹੈ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੋਂ ਉੱਪਰ ਪਹੁੰਚ ਸਕਦਾ ਹੈ, ਜਦੋਂ ਕਿ ਰਾਤ ਦਾ ਘੱਟੋ-ਘੱਟ ਤਾਪਮਾਨ 23 ਤੋਂ 27 ਡਿਗਰੀ ਵਿਚਾਲੇ ਰਹਿਣ ਦੀ ਸੰਭਾਵਨਾ ਹੈ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤੀ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮੀ ਸਲਾਹ ਬੁਲੈਟਨ ਅਨੁਸਾਰ ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਬਠਿੰਡਾ, ਮੋਗਾ, ਮੁਕਤਸਰ, ਫ਼ਰੀਦਕੋਟ, ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ 15 ਮਈ ਤੱਕ ਲੂ ਚੱਲਣ ਦਾ ਖ਼ਦਸ਼ਾ ਹੈ, ਜਦੋਂ ਕਿ ਫਿਰੋਜ਼ਪੁਰ, ਐੱਸਏਐੱਸ ਨਗਰ, ਪਟਿਆਲਾ, ਰੂਪਨਗਰ, ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ 17 ਮਈ ਨੂੰ ਗਰਜ ਤੇ ਚਮਕ ਨਾਲ ਕਣੀਆਂ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਆਸ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ 17 ਮਈ ਤੱਕ ਲੂ ਚੱਲੇਗੀ ਬਲਕਿ ਅਗਲੇ ਦਿਨਾਂ ਵਿੱਚ ਤਾਪਮਾਨ ਹੋਰ ਵਧ ਸਕਦਾ ਹੈ। ਉੱਧਰ, ਬਿਜਲੀ ਦੀ ਮੰਗ ਵਧਣ ਕਾਰਨ ਪਾਵਰਕੌਮ ਵੱਲੋਂ ਲਗਾਏ ਜਾ ਰਹੇ ਕਈ-ਕਈ ਘੰਟਿਆਂ ਦੇ ਕੱਟਾਂ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ।
ਬਿਜਲੀ ਕੱਟਾਂ ਦੇ ਸਤਾਏ ਲੋਕ ਖਰੀਦਣ ਲੱਗੇ ਇਨਵਰਟਰ
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਵਿੱਚ ਲਗਾਤਾਰ ਪੈ ਰਹੀ ਗਰਮੀ ਅਤੇ ਬਿਜਲੀ ਦੇ ਲੱਗ ਰਹੇ ਲੰਬੇ-ਲੰਬੇ ਕੱਟਾਂ ਤੋਂ ਸਤਾਏ ਹੋਏ ਲੋਕਾਂ ਨੇ ਹੁਣ ਸਰਕਾਰ ਤੋਂ ਝਾਕ ਛੱਡ ਕੇ ਆਪਣੇ ਘਰਾਂ ਲਈ ਇਨਵਰਟਰ ਖਰੀਦਣੇ ਸ਼ੁਰੂ ਕਰ ਦਿੱਤੇ ਹਨ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚਲੇ ਲੋਕਾਂ ਨੇ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਜੈਨਰੇਟਰਾਂ ਦਾ ਸਹਾਰਾ ਲੈਣਾ ਵੀ ਸ਼ੁਰੂ ਕਰ ਦਿੱਤਾ ਹੈ। ਕਈ ਲੋਕਾਂ ਨੇ ਇਸ ਵਾਰ ਨਵੇਂ ਜੈਨਰੇਟਰ ਬਣਵਾ ਲਏ ਹਨ ਅਤੇ ਜੈਨਰੇਟਰ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਇਸ ਵੇਲੇ ਵੱਡੇ ਅਤੇ ਛੋਟੇ ਜੈਨਰੇਟਰਾਂ ਬਣਾਉਣ ਦਾ ਧੜਾ-ਧੜ ਕੰਮ ਚੱਲ ਰਿਹਾ ਹੈ। ਲੋਕਾਂ ਨੇ ਸਰਕਾਰ ਤੋਂ ਝਾਕ ਛੱਡ ਕੇ ਇਨਵਰਟਰ ਅਤੇ ਜੈਨਰੇਟਰ ਖਰੀਦਣੇ ਸ਼ੁਰੂ ਕਰ ਦਿੱਤੇ ਹਨ ਤੇ ਇਨਵਰਟਰ ਵੇਚਣ ਵਾਲੀਆਂ ਦੁਕਾਨਾਂ ’ਤੇ ਖਰੀਦਦਾਰਾਂ ਭੀੜ ਲੱਗੀ ਦੇਖੀ ਜਾ ਸਕਦੀ ਹੈ। ਅੱਜਕੱਲ੍ਹ ਪੰਜ ਕਿਲੋਵਾਟ ਦਾ ਜੈਨਰੇਟਰ 42,000 ਰੁਪਏ ਅਤੇ ਅੱਠ ਕਿਲੋਵਾਟ ਦਾ ਜੈਨਰੇਟਰ 60,000 ਰੁਪਏ ਵਿੱਚ ਤਿਆਰ ਹੋਣ ਲੱਗਾ ਹੈ। ਇੱਥੇ ਜੈਨਰੇਟਰ ਬਣਾਉਣ ਵਾਲੀਆਂ ਅੱਠ ਵੱਡੀਆਂ ਵਰਕਸ਼ਾਪਾਂ ਕੋਲ ਇਸ ਵੇਲੇ ਦਰਜਨਾਂ ਆਰਡਰ ਬਕਾਇਆ ਪਏ ਹਨ ਅਤੇ ਇਨ੍ਹਾਂ ਕੰਮਾਂ ਲਈ ਲੱਗੇ ਮਿਸਤਰੀਆਂ ਕੋਲ ਥੋੜੀ ਜਿਹੀ ਵੀ ਵਿਹਲ ਨਹੀਂ ਹੈ। ਭਾਵੇਂ ਕਿ ਪੜ੍ਹੇ-ਲਿਖੇ ਸ਼ਹਿਰੀ ਲੋਕ ਸਾਇਲੈਂਟ ਜੈਨਰੇਟਰ ਨੂੰ ਪਹਿਲ ਦਿੰਦੇ ਹਨ, ਜਿਸ ਦਾ ਛੇ ਕਿਲੋਵਾਟ ਦਾ ਭਾਅ 54,000 ਰੁਪਏ ਹੈ। ਇਸ ਨਾਲ ਇੱਕ ਏ.ਸੀ. ਅਤੇ ਘਰਾਂ ਵਿਚਲੀ ਸਬਮਰਸੀਬਲ ਮੋਟਰ ਚੱਲਣ ਦਾ ਦਾਅਵਾ ਕੀਤਾ ਜਾਂਦਾ ਹੈ।