ਲਖਵਿੰਦਰ ਸਿੰਘ
ਮਲੋਟ, 24 ਅਪਰੈਲ
ਇਥੇ ਜੈਨ ਕਲੋਨੀ ਵਿੱਚ ਉਸਾਰੀ ਨੂੰ ਲੈ ਕੇ ਦੋ ਧਿਰਾਂ ਵਿਚ ਟਕਰਾਅ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲੀਸ ਮੌਕੇ ’ਤੇ ਪੁੱਜੀ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਫਿਲਹਾਲ ਉਸਾਰੀ ਦਾ ਕੰਮ ਰੁਕਵਾ ਦਿੱਤਾ ਹੈ।
ਮੌਕੇ ’ਤੇ ਮੌਜੂਦ ਕਲੋਨੀ ਵਾਸੀਆਂ ਨੇ ਦੱਸਿਆ ਕਿ ਕਾਂਗਰਸੀ ਆਗੂ ਅਤੇ ਆੜ੍ਹਤੀ ਵਰਿੰਦਰ ਕੁਮਾਰ ਮੱਕੜ ਰਿਹਾਇਸ਼ੀ ਕਲੋਨੀ ਵਿੱਚ ਆਪਣੇ ਪਲਾਟਾਂ ਵਾਲੀ ਥਾਂ ’ਤੇ ਗੋਦਾਮਾਂ ਦੀ ਉਸਾਰੀ ਕਰਵਾਉਣਾ ਚਾਹੁੰਦਾ ਹੈ ਜੋ ਕਥਿਤ ਤੌਰ ’ਤੇ ਗੈਰਕਾਨੂੰਨੀ ਹੈ। ਉਸ ਨੂੰ ਕਰੀਬ ਤਿੰਨ ਮਹੀਨੇ ਪਹਿਲਾਂ ਵੀ ਕਲੋਨੀ ਵਾਸੀਆਂ ਨੇ ਰੋਕ ਦਿੱਤਾ ਸੀ। ਇਸ ਉਪਰੰਤ ਵਰਿੰਦਰ ਕੁਮਾਰ ਮੱਕੜ ਨੇ ਨਗਰ ਕੌਂਸਲ ਤੋਂ ਇਸ ਥਾਂ ਦਾ ਨਕਸ਼ਾ ਪਾਸ ਕਰਵਾ ਲਿਆ ਤੇ ਅੱਜ ਮੁੜ ਇਨ੍ਹਾਂ ਪਲਾਟਾਂ ਵਾਲੀ ਥਾਂ ’ਤੇ ਲੈਂਟਰ ਪਾਉਣ ਲਈ ਆ ਗਿਆ। ਉਸ ਦੇ ਨਾਲ ਕੁਝ ਹੋਰ ਅਣਪਛਾਤੇ ਵਿਅਕਤੀ ਵੀ ਸਨ। ਜਦੋਂ ਉਨ੍ਹਾਂ ਨੇ ਰੋਕਿਆ ਤਾਂ ਉਹ ਅਤੇ ਉਸ ਦੇ ਨਾਲ ਆਏ ਸਾਥੀ ਤਲਖ਼ ਹੋ ਗਏ। ਇਸੇ ਦੌਰਾਨ ਤਲਖ਼ੀ ਇਨੀ ਵਧ ਗਈ ਕਿ ਵਰਿੰਦਰ ਕੁਮਾਰ ਮੱਕੜ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਹਵਾਈ ਫਾਇਰ ਕਰ ਦਿੱਤੇ। ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਥਾਣਾ ਇੰਚਾਰਜ ਨੇ ਫੁਟੇਜ ਘੋਖੀ; ਕਾਰਵਾਈ ਦਾ ਭਰੋਸਾ ਦਿੱਤਾ
ਥਾਣਾ ਸਦਰ ਦੇ ਇੰਚਾਰਜ ਜਸਕਰਨਦੀਪ ਸਿੰਘ ਨੇ ਕਿਹਾ ਕਿ ਉਹ ਸੀਸੀਟੀਵੀ ਫੁੱਟੇਜ ਰਾਹੀਂ ਮਾਮਲੇ ਦੀ ਪੜਤਾਲ ਕਰ ਰਹੇ ਹਨ। ਜੋ ਵੀ ਤੱਥ ਸਾਹਮਣੇ ਆਉਣਗੇ, ਉਨਾਂ ਦੇ ਆਧਾਰ ’ਤੇ ਹੀ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।