ਜੋਗਿੰਦਰ ਸਿੰਘ ਮਾਨ
ਮਾਨਸਾ, 11 ਅਗਸਤ
ਭਾਵੇਂ ਮਾਲਵਾ ਖੇਤਰ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਅਜੇ ਹੜ੍ਹਾਂ ਵਾਲੀ ਬਿਲਕੁਲ ਕੋਈ ਗੱਲ ਨਹੀਂ ਹੈ, ਪਰ ਪੰਜਾਬ ਸਰਕਾਰ ਨੂੰ ਹਿਮਾਚਲ ਪ੍ਰਦੇਸ਼ ਅਤੇ ਇਸ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਨੇ ਮਚਾਈ ਤਬਾਹੀ ਮਗਰੋਂ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਸਬੰਧੀ ਸੁਚੇਤ ਰਹਿਣ ਦੀ ਹਦਾਇਤ ਕੀਤੀ ਗਈ ਹੈ। ਮਾਲਵਾ ਦੇ ਜਿਹੜੇ ਜ਼ਿਲ੍ਹਿਆਂ ’ਚੋਂ ਘੱਗਰ ਦਰਿਆ ਲੰਘਦਾ ਹੈ, ਅਕਸਰ ਬਰਸਾਤਾਂ ਵੇਲੇ ਬੰਨ੍ਹਾਂ ਦੇ ਟੁੱਟਣ ਕਾਰਨ ਲੋਕਾਂ ਦੀ ਜਾਨ-ਮਾਲ ਦਾ ਭਾਰੀ ਨੁਕਸਾਨ ਕਰਦਾ ਹੈ। ਇਹ ਘੱਗਰ ਦਰਿਆ ਮਾਨਸਾ ਸਮੇਤ ਸੰਗਰੂਰ, ਪਟਿਆਲਾ ਅਤੇ ਮੁਹਾਲੀ ਜ਼ਿਲ੍ਹੇ ਵਿੱਚੋਂ ਲੰਘਦਾ ਹੈ। ਇਸ ਵਿੱਚ ਪਿੱਛੋਂ ਪੂਰਾ ਪਾਣੀ ਆ ਰਿਹਾ ਹੈ, ਜਦੋਂਕਿ ਅਜੇ ਤੱਕ ਇਹ ਪਾਣੀ ਮਾਲਵਾ ਖੇਤਰ ਵਿੱਚ ਨਹੀਂ ਪੁੱਜਿਆ।
ਪੰਜਾਬ ਸਰਕਾਰ ਦੇ ਹੁਕਮਾਂ ਨੂੰ ਮੰਨਦਿਆਂ ਮਾਨਸਾ ਜ਼ਿਲ੍ਹੇ ਦੇ ਡੀਸੀ ਪਰਮਵੀਰ ਸਿੰਘ ਅਤੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਅੱਗੇ ਆਦੇਸ਼ ਕਰਦਿਆਂ ਕਿਹਾ ਕਿ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਹੁਣ ਤੋਂ ਹੀ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਵੱਲੋਂ ਭਲਕੇ ਪੰਜਾਬ ਅਤੇ ਹਰਿਆਣਾ ਦੀ ਹੱਦ ’ਤੇ ਚਾਂਦਪੁਰਾ ਬੰਨ੍ਹ ਦਾ ਨਿਰੀਖਣ ਕੀਤਾ ਜਾਵੇਗਾ। ਇਹ ਬੰਨ੍ਹ ਦੋਨੋਂ ਸੂਬਿਆਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਬਚਾਉਂਦਾ ਹੈ। ਇੱਕ ਪਾਸੇ ਹਰਿਆਣਾ, ਦੂਜੇ ਪਾਸੇ ਪੰਜਾਬ ਹੋਣ ਕਰਕੇ ਘੱਗਰ ਦਰਿਆ ਵਿੱਚ ਪਾਣੀ ਚੜ੍ਹਨ ਨਾਲ ਜਦੋਂ ਕੋਈ ਵੀ ਕਿਨਾਰਾ ਟੁੱਟ ਜਾਂਦਾ ਹੈ ਤਾਂ ਇਨ੍ਹਾਂ ਸੂਬਿਆਂ ’ਚੋਂ ਵੱਡੀ ਪੱਧਰ ’ਤੇ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਹੋ ਜਾਂਦਾ ਹੈ।
ਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਅਕਸਰ ਹੜ੍ਹਾਂ ਦੀ ਮਾਰ ਹੇਠ 39 ਪਿੰਡ ਆਉਂਦੇ ਹਨ, ਇਨ੍ਹਾਂ ਵਿੱਚੋਂ 23 ਪਿੰਡ ਬੁਢਲਾਡਾ ਸਬ ਡਿਵੀਜ਼ਨ ਨਾਲ ਸਬੰਧਤ ਹਨ, ਜਦੋਂਕਿ 16 ਪਿੰਡਾਂ ਦਾ ਸਬੰਧ ਸਬ ਡਿਵੀਜ਼ਨ ਸਰਦੂਲਗੜ੍ਹ ਨਾਲ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੈਂਦੇ ਚਾਂਦਪੁਰਾ ਬੰਨ੍ਹ ਅਤੇ ਹੋਰ ਬੰਨ੍ਹ, ਜਿਥੇ ਕਿ ਹੜ੍ਹਾਂ ਦਾ ਖਤਰਾ ਹੈ, ਉਥੇ ਪੁਲੀਸ ਵੱਲੋਂ ਛੇਤੀ ਹੀ ਆਰਜ਼ੀ ਪੁਲੀਸ ਚੌਕੀਆਂ ਬਣਾਈਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਘੱਗਰ ਨੇੜੇ ਵਸਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਚੌਕਸੀ ਰੱਖ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਬੰਧਕੀ ਕੰਪਲੈਕਸ ਵਿੱਚ ਹੜ੍ਹ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਨੰਬਰ 01652-229082 ’ਤੇ ਕੋਈ ਵੀ ਵਿਅਕਤੀ ਹੜ੍ਹ ਸਬੰਧੀ ਸੂਚਨਾ ਦੇ ਸਕਦਾ ਹੈ।
ਘੱਗਰ ਦੇ ਕੰਢੇ ਮਜ਼ਬੂਤ ਕਰਨ ਲਈ ਅਗੇਤੇ ਪ੍ਰਬੰਧ ਕੀਤੇ: ਿਵਧਾਇਕ
ਇਸੇ ਦੌਰਾਨ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਜ਼ਿਲ੍ਹੇ ਵਿਚਲੇ ਘੱਗਰ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਨਰੇਗਾ ਸਣੇ ਹੜ੍ਹ ਰੋਕੂ ਫੰਡਾਂ ਨਾਲ ਅਗੇਤੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਜਿਹੜੇ ਪਿੰਡਾਂ ਵਿੱਚ ਪਿਛਲੇ ਸਾਲ ਬੰਨ੍ਹ ਟੁੱਟਣ ਨਾਲ ਤਬਾਹੀ ਹੋਈ ਸੀ, ਉਨ੍ਹਾਂ ਬੰਨ੍ਹਾਂ ਨੂੰ ਪਹਿਲਾਂ ਤੋਂ ਹੀ ਮਜ਼ਬੂਤ ਕੀਤਾ ਗਿਆ ਹੈ।