ਜੋਗਿੰਦਰ ਸਿੰਘ ਮਾਨ
ਮਾਨਸਾ, 9 ਜੁਲਾਈ
ਹਿਮਾਚਲ ਪ੍ਰਦੇਸ਼ ਅਤੇ ਇਸਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹਾਂ ਕਾਰਨ ਮੱਚੀ ਤਬਾਹੀ ਮਗਰੋਂ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਸਬੰਧੀ ਸੁਚੇਤ ਰਹਿਣ ਦੀ ਹਦਾਇਤ ਕੀਤੀ ਗਈ ਹੈ। ਮਾਲਵਾ ਦੇ ਜਿਹੜੇ ਜ਼ਿਲ੍ਹਿਆਂ ’ਚੋਂ ਘੱਗਰ ਦਰਿਆ ਲੰਘਦਾ ਹੈ, ਹਮੇਸ਼ਾ ਬਰਸਾਤਾਂ ਸਮੇਂ ਬੰਨ੍ਹਾਂ ਦੇ ਟੁੱਟਣ ਕਾਰਨ ਲੋਕਾਂ ਦੀ ਜਾਨ-ਮਾਲ ਦਾ ਭਾਰੀ ਨੁਕਸਾਨ ਕਰਦਾ ਹੈ। ਇਹ ਘੱਗਰ ਦਰਿਆ ਮਾਨਸਾ ਸਮੇਤ ਸੰਗਰੂਰ, ਪਟਿਆਲਾ ਅਤੇ ਮੁਹਾਲੀ ਜ਼ਿਲ੍ਹੇ ਵਿਚੋਂ ਲੰਘਦਾ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਹੁਣ ਤੋਂ ਹੀ ਚੌਕਸ ਰਹਿਣ ਦੀ ਲੋੜ ਹੈ। ਇਹ ਬੰਨ੍ਹ ਦੋਨੋਂ ਸੂਬਿਆਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਬਚਾਉਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਬੰਧਕੀ ਕੰਪਲੈਕਸ਼ ਵਿੱਚ ਹੜ੍ਹ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਨੰਬਰ 01652-229082 ’ਤੇ ਕੋਈ ਵੀ ਵਿਅਕਤੀ ਹੜ੍ਹ ਸਬੰਧੀ ਸੂਚਨਾ ਦੇ ਸਕਦਾ ਹੈ। ਇਸ ਦੌਰਾਨ ਜ਼ਿਲ੍ਹੇ ਦੇ ਪਿੰਡਾਂ ਮੋਫ਼ਰ, ਨੰਦਗੜ੍ਹ, ਝੁਨੀਰ ਅਤੇ ਚੋਟੀਆਂ ਦੇ ਖੇਤਾਂ ਵਿੱਚ ਫ਼ਸਲਾਂ ਮੀਂਹ ਦੇ ਪਾਣੀ ਵਿੱਚ ਡੁੱਬ ਗਈਆਂ ਹਨ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਕਈ ਪਿੰਡਾਂ ਦੇ ਖੇਤਾਂ ਦਾ ਦੌਰਾ ਕਰਦਿਆਂ ਤੁਰੰਤ ਪਾਣੀ ਨੂੰ ਡਰੇਨਾਂ ਰਾਹੀਂ ਭਾਖੜਾ ਨਹਿਰ ’ਚ ਪਾਉਣ ਦੀ ਹਦਾਇਤ ਕੀਤੀ।
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ ਚਾਰ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਜ਼ਿਲ੍ਹੇ ਅੰਦਰ ਕਈ ਥਾਵਾਂ ’ਤੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਇਸ ਨਾਲ ਨਜਿੱਠਣ ਲਈ ਤਹਿਸੀਲ ਫ਼ਿਰੋਜ਼ਪੁਰ, ਜ਼ੀਰਾ ਅਤੇ ਗੁਰੂਹਰਸਹਾਏ ਤੋਂ ਇਲਾਵਾ ਐਕਸੀਅਨ ਡਰੇਨੇਜ਼ ਫ਼ਿਰੋਜ਼ਪੁਰ ਦਾ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
ਸਤਲੁਜ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ
ਫਾਜ਼ਿਲਕਾ (ਪਰਮਜੀਤ ਸਿੰਘ): ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਕਈ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਰਸਾਤ ਹੋਣ ਕਾਰਨ ਡੈਮਾਂ ਤੋਂ ਕਾਫੀ ਮਾਤਰਾ ਵਿਚ ਪਾਣੀ ਛੱਡਿਆ ਗਿਆ ਹੈ। ਭਲਕੇ ਸਵੇਰ ਤੱਕ ਇਹ ਪਾਣੀ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਰਾਹੀਂ ਪੁੱਜੇਗਾ। ਇਸ ਨਾਲ ਫਾਜ਼ਿਲਕਾ ਦੇ ਮਹਾਤਮ ਨਗਰ, ਤੇਜਾ ਰੁਹੇਲਾ, ਹਸਤਾਂ ਕਲਾਂ, ਵੱਲੇ ਸ਼ਾਹ ਹਿਠਾੜ, ਚੱਕ ਰੁਹੇਲਾ, ਝੰਗੜ ਭੈਣੀ, ਮੁਹਾਰ ਜਮਸ਼ੇਰ ਆਦਿ ਪਿੰਡਾਂ ਵਿਚ ਹੜ੍ਹ ਦੀ ਸਥਿਤੀ ਬਣ ਸਕਦੀ ਹੈ। ਇਸ ਲਈ ਇੰਨ੍ਹਾਂ ਪਿੰਡਾਂ ਦੇ ਲੋਕ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਦੇ ਨੰਬਰ 01638-262153 ’ਤੇ ਹੋਰ ਜਾਣਕਾਰੀ ਲੈ ਸਕਦੇ ਹਨ।
ਕਿਸਾਨਾਂ ਵੱਲੋਂ ਅੱਜ ਦਾ ਧਰਨਾ ਮੁਲਤਵੀ
ਫ਼ਿਰੋਜ਼ਪੁਰ (ਪੱਤਰ ਪ੍ਰੇਰਕ): ਭਾਰੀ ਬਰਸਾਤ ਅਤੇ ਹੜ੍ਹਾਂ ਵਰਗੀ ਸਥਿਤੀ ਨੂੰ ਵੇਖਦੇ ਹੋਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ 10 ਜੁਲਾਈ ਨੂੰ ਬੀਡੀਪੀਓ ਦਫ਼ਤਰ ਦੇ ਬਾਹਰ ਲੱਗਣ ਵਾਲਾ ਧਰਨਾ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਹੈ।
ਡੀਸੀ ਦਫ਼ਤਰ ਦੇ ਕਾਮਿਆਂ ਦੀ ਹੜਤਾਲ ਮੁਲਤਵੀ
ਮੋਗਾ (ਨਿੱਜੀ ਪੱਤਰ ਪ੍ਰੇਰਕ): ਮੀਂਹ ਕਾਰਨ ਆਮ ਲੋਕਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਸੂਬੇ ਭਰ ਦੇ ਡੀਸੀ ਦਫ਼ਤਰ ਦੇ ਕਾਮਿਆਂ ਨੇ 10 ਤੋਂ 12 ਜੁਲਾਈ ਦੀ ਤਿੰਨ ਰੋਜ਼ਾ ਕਲਮ ਛੋੜ ਹੜਤਾਲ ਦੇ ਫ਼ੈਸਲਾ ਮੁਲਤਵੀ ਕਰ ਦਿੱਤਾ ਹੈ। ਇੱਥੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਲੋਪੋ ਅਤੇ ਜਨਰਲ ਸਕੱਤਰ ਸੰਦੀਪ ਕੁਮਾਰ ਨੇ ਦੱਸਿਆ ਕਿ ਮੀਂਹ ਕਾਰਨ ਸੂਬੇ ਭਰ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਕਲਮਛੋੜ ਹੜਤਾਲ ਮੁਲਤਵੀ ਕੀਤੀ ਗਈ ਹੈ।