ਖੇਤਰੀ ਪ੍ਰਤੀਨਿਧ
ਬਰਨਾਲਾ, 13 ਅਗਸਤ
ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਜੋਂ ਅੱਜ ਬਰਨਾਲਾ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਦੀ ਅਗਵਾਈ ਵਿੱਚ ‘ਤਿਰੰਗਾ ਯਾਤਰਾ’ ਕੱਢੀ ਗਈ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਤੇ ਹਲਕਾ ਬਰਨਾਲਾ ਇੰਚਾਰਜ ਮਨੀਸ਼ ਬਾਂਸਲ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਸ੍ਰੀ ਆਸ਼ੂ ਨੇ ਕਿਹਾ ਕਿ ਇਹ ਤਿਰੰਗਾ ਯਾਤਰਾ ਉਨ੍ਹਾਂ ਹਜ਼ਾਰਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਹ ਤਿਰੰਗਾ ਯਾਤਰਾ ਸਾਡੀ ਭਾਈਚਾਰਕ ਸਾਂਝ ਤੇ ਸੰਘਰਸ਼ੀ ਜਜ਼ਬੇ ਨੂੰ ਮਜ਼ਬੂਤ ਕਰਦੀ ਹੈ। ਪਾਰਟੀ ਦੇ ਬਰਨਾਲਾ ਹਲਕਾ ਇੰਚਾਰਜ ਮਨੀਸ਼ ਬਾਂਸਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਤਿਰੰਗੇ ਨੂੰ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂਕਿ ਤਿਰੰਗਾ ਸਾਡੇ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਹੈ, ਜੋ ਹਰ ਧਰਮ, ਜਾਤ ਤੇ ਫ਼ਿਰਕੇ ਦੇ ਲੋਕਾਂ ਲਈ ਬਰਾਬਰ ਸਨਮਾਨਯੋਗ ਹੈ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮਹੇਸ਼ ਕੁਮਾਰ ਲੋਟਾ, ਬਲਦੇਵ ਭੁੱਚਰ, ਜਸਵਿੰਦਰ ਸਿੰਘ ਟਿੱਲੂ, ਸੂਰਤ ਸਿੰਘ ਬਾਜਵਾ, ਮਹਿੰਦਰਪਾਲ ਸਿੰਘ ਪੱਖੋ ਆਦਿ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਵੱਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਤਿਰੰਗਾ ਮਾਰਚ ਨਿਹਾਲ ਸਿੰਘ ਵਾਲਾ ਤੇ ਬਧਨੀ ਕਲਾਂ ਵਿੱਚ ਕੱਢਿਆ ਗਿਆ। ਨਿਹਾਲ ਸਿੰਘ ਵਾਲਾ ਵਿੱਚ ਤਿਰੰਗਾ ਮਾਰਚ ਕੱਢਣ ਸਮੇਂ ਪ੍ਰਧਾਨ ਇੰਦਰਜੀਤ ਗਰਗ, ਚੇਅਰਮੈਨ ਲਖਵੀਰ ਸਿੰਘ ਸਿੱਧੂ, ਹਲਕਾ ਇੰਚਾਰਜ ਭੁਪਿੰਦਰ ਸਿੰਘ, ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ, ਹਰੀ ਸਿੰਘ ਖਾਈ ਤੇ ਜਗਸੀਰ ਨੰਗਲ ਆਦਿ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਆਜ਼ਾਦੀ ਦਿਵਸ ਨੂੰ ਸਮਰਪਿਤ ਤਿਰੰਗਾ ਮਾਰਚ ਕਾਂਗਰਸ ਪਾਰਟੀ ਦਾ ਦੇਸ਼ ਪ੍ਰਤੀ ਜ਼ਜਬਾ, ਸਮਰਪਣ, ਸੁਹਿਰਦਤਾ ਅਤੇ ਲੋਕਾਂ ਦੀ ਕਾਂਗਰਸ ਨਾਲ ਗੂੜ੍ਹੀ ਸਾਂਝ ਦਾ ਪ੍ਰਤੀਕ ਹੈ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਕਾਂਗਰਸੀ ਸਮਰਥਕ ਵੀ ਮੌਜੂਦ ਸਨ।