ਪੱਤਰ ਪ੍ਰੇਰਕ
ਮਾਨਸਾ, 9 ਅਗਸਤ
ਸੋਸ਼ਲਿਸਟ ਪਾਰਟੀ ਇੰਡੀਆ ਅਤੇ ਇੰਡੋ-ਪਾਕਿ ਫਰੈਂਡਸ਼ਿਪ ਸੁਸਾਇਟੀ ਵੱਲੋਂ ਭਾਰਤ-ਪਾਕਿ ਸ਼ਾਂਤੀ ਅਤੇ ਦੋਸਤੀ ਮਾਰਚ ਲਈ ਅੱਜ ਇਥੋਂ ਇੱਕ ਜਥਾ ਵਾਹਗਾ ਬਾਰਡਰ ਲਈ ਰਵਾਨਾ ਕੀਤਾ ਗਿਆ। ਇਹ ਜਥਾ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਦੀ ਹੁੰਦਾ ਹੋਇਆ, 14 ਅਗਸਤ ਨੂੰ ਅਟਾਰੀ ਸਰਹੱਦ ਵਿਖੇ ਸ਼ਾਂਤੀ ਦਾ ਪੈਗਾਮ ਦੇ ਕੇ ਸਮਾਪਤ ਹੋਵੇਗਾ। ਇਹ ਜਥਾ ਵੱਖ-ਵੱਖ ਸ਼ਹਿਰਾਂ ਵਿੱਚ ਨੁੱਕੜ ਰੈਲੀਆਂ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਬਣੇ ਕੜੱਤਣ ਨੂੰ ਖ਼ਤਮ ਕਰਨ ਦਾ ਵੀ ਲੋਕਾਂ ਨੂੰ ਹੋਕਾ ਦੇਵੇਗਾ। ਇਸ ਸ਼ਾਂਤੀ ਮਾਰਚ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ, ਵਪਾਰਕ, ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ, ਜਿੰਨਾਂ ਨੇ ਪੂਰੇ ਉਤਸ਼ਾਹ ਨਾਲ ਸ਼ਾਂਤੀ ਮਾਰਚ ਨੂੰ ਵਾਹਗਾ ਬਾਰਡਰ ਲਈ ਰਵਾਨਾ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਰਨਲ ਸਕੱਤਰ ਅਤੇ ਮੈਗਸਾਸੇ ਐਵਾਰਡ ਵਿਜੇਤਾ ਡਾ.ਸੰਦੀਪ ਪਾਂਡੇ ਅਤੇ ਕੌਮੀ ਮੀਤ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੇਸ਼ ਦੀਆਂ ਰਾਜਨੀਤਕ,ਧਾਰਮਿਕ, ਸਮਾਜਿਕ,ਵਪਾਰਕ, ਕਿਸਾਨ ਧਿਰਾਂ ਨੂੰ ਸੱਦਾ ਦਿੱਤਾ ਕਿ ਭਾਰਤ-ਪਾਕਿ ਸ਼ਾਂਤੀ ਅਤੇ ਵਪਾਰਕ ਮਸਲਿਆਂ ਦੇ ਹੱਲ ਲਈ ਪਾਰਟੀ ਅਤੇ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਲੋਕ ਵਿਆਪੀ ਲਹਿਰ ਬਣਾਈ ਜਾਵੇ। ਪਾਰਟੀ ਦੇ ਸੂਬਾ ਪ੍ਰਧਾਨ ਓਮ ਸਿੰਘ ਸਟਿਆਣਾ ਨੇ ਮਾਰਚ ਦੇ ਦੱਸਿਆ ਕਿ ਇਹ ਅੱਜ ਮਾਰਚ ਗੁਰਦਵਾਰਾ ਚੌਕ ਮਾਨਸਾ ਤੋਂ ਪੈਦਲ ਚੱਲਕੇ ਪਹਿਲਾ ਠਹਿਰਾਓ ਜੋਗਾ ਵਿਖੇ ਕਰਕੇ ਭਲਕੇ 10 ਅਗਸਤ ਨੂੰ ਅਕਲੀਆ ਵਿਖੇ ਮੀਟਿੰਗ ਕਰਕੇ ਵਹੀਕਲਾਂ ਰਾਹੀਂ ਬਰਨਾਲਾ, ਢਿੱਲਵਾਂ, ਬਿਲਾਸਪੁਰ, ਬੱਧਣੀ ਕਲਾਂ, ਡਾਲਾ ,ਮੋਗਾ ਹੁੰਦਾ ਹੋਇਆ ਕੋਟ ਈਸੇ ਖਾਂ (ਦੌਲੇਵਾਲਾ) ਠਹਿਰਾਅ ਕਰੇਗਾ।