ਰਵਿੰਦਰ ਰਵੀ
ਬਰਨਾਲਾ, 24 ਜੂਨ
ਇੱਥੇ ਸੰਧੂ ਪੱਤੀ ਦੇ ਨੌਜਵਾਨ ਵੱਲੋਂ ਖ਼ੁਦਕਸ਼ੀ ਮਗਰੋਂ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਵਿੱਚ ਦੇਰੀ ਹੋਣ ਕਾਰਨ ਮ੍ਰਿਤਕ ਦੇ ਵਾਰਸ ਭੜਕ ਗਏ ਅਤੇ ਐੱਸਐੱਮਓ ਸਮੇਤ ਕਈ ਡਾਕਟਰਾਂ ਨੂੰ ਬੰਦੀ ਬਣਾ ਕੇ ਹਸਪਤਾਲ ਦੇ ਗੇਟ ਮੂਹਰੇ ਨਾਅਰੇਬਾਜ਼ੀ ਕੀਤੀ। ਮ੍ਰਿਤਕ ਦੇ ਵਾਰਿਸਾਂ ਦੇ ਨਾਲ ਆਏ ਸੈਂਕੜੇ ਔਰਤਾਂ ਤੇ ਮਰਦਾਂ ਨੇ ਬਿਨਾਂ ਪ੍ਰਵਾਹ ਕੀਤੇ ਹਸਪਤਾਲ ਦੇ ਮੁਰਦਾ ਘਰ ’ਚੋਂ ਨੌਜਵਾਨ ਦੀ ਲਾਸ਼ ਲਿਜਾਣ ’ਚ ਕਾਮਯਾਬ ਹੋ ਗਏ ਤੇ ਪੁਲੀਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਡਾਕਟਰਾਂ ਵੱਲੋਂ ਦਿੱਤੀ ਰਿਪੋਰਟ ਅਨੁਸਾਰ ਖ਼ੁਦਕੁਸ਼ੀ ਦਾ ਇਹ ਮਾਮਲਾ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਇੱਥੇ ਸਿਵਲ ਹਸਪਤਾਲ ਵਿੱਚ ਲਾਸ਼ ਲੈਣ ਪਹੁੰਚੇ ਮ੍ਰਿਤਕ ਦੇ ਵਾਰਿਸਾਂ ਨੇ ਦੱਸਿਆ ਕਿ 36 ਸਾਲਾ ਬਲਵਿੰਦਰ ਸਿੰਘ ਨੇ ਬੀਤੀ ਰਾਤ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਈ ਸੀ। ਉਹ ਬੀਤੀ ਰਾਤ 11 ਵਜੇ ਦੇ ਕਰੀਬ ਹਸਪਤਾਲ ਵਿੱਚ ਲੈ ਗਏ ਸਨ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਸਪਤਾਲ ਦੇ ਐੱਸਐੱਮਓ ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ ’ਤੇ ਨਿਸ਼ਾਨ ਸਨ, ਜਿਸ ਮਗਰੋਂ ਪਟਿਆਲਾ ਤੋਂ ਮਾਹਿਰ ਡਾਕਟਰਾਂ ਦੀ ਦੇਖਰੇਖ ’ਚ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਜਦੋਂ ਵਾਰਿਸਾਂ ਨੂੰ ਪਤਾ ਲੱਗਾ ਕਿ ਪੋਸਟ ਮਾਰਟਮ ਲਈ ਪਟਿਆਲਾ ਤੋਂ ਵਿਸ਼ੇਸ਼ ਡਾਕਟਰਾਂ ਦੀ ਟੀਮ ਬੁਲਾਈ ਜਾ ਰਹੀ ਹੈ ਅਤੇ ਇਸ ਵਿੱਚ ਇੱਕ ਦਿਨ ਹੋਰ ਲੱਗੇਗਾ ਤਾਂ ਉਨ੍ਹਾਂ ਨੇ ਐੱਸਐੱਮਓ ਸਮੇਤ ਡਾਕਟਰਾਂ ਨੂੰ ਕਮਰੇ ’ਚ ਬੰਦੀ ਬਣਾ ਕੇ ਬਾਹਰੋਂ ਤਾਲਾ ਮਾਰ ਦਿੱਤਾ ਅਤੇ ਕੁੱਝ ਦੇਰ ਨਾਅਰੇਬਾਜ਼ੀ ਕਰਨ ਤੋਂ ਪੁਲੀਸ ਦੀ ਭਾਰੀ ਗਿਣਤੀ ਹੋਣ ਦੇ ਬਾਵਜੂਦ ਵਾਰਿਸ ਲਾਸ਼ ਨੂੰ ਹਸਪਤਾਲ ਦੇ ਮੁਰਦਾ ਘਰ ’ਚ ਲੈ ਗਏ ਅਤੇ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਮੋਬਾਈਲ ਨਹੀਂ ਚੁੱਕਿਆ।