ਪੱਤਰ ਪ੍ਰੇਰਕ
ਲੰਬੀ/ਡੱਬਵਾਲੀ, 1 ਨਵੰਬਰ
ਸਾਲ 2014 ਦੇ ਪਨਬਸ ਕੰਡਕਟਰ ਭਰਤੀ ਮਾਮਲੇ ਦੇ ਪੀੜਤ ਪ੍ਰੀਖਿਆ ਪਾਸ ਉਮੀਦਵਾਰਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਪ੍ਰੀਖਿਆ ਪਾਸ ਉਮੀਦਵਾਰਾਂ ਦੇ ਵਫ਼ਦ ਨੇ ਬੀਤੇ ਦਿਨੀਂ ਕੋਟਕਪੂਰਾ ਵਿੱਚ ਵਿਧਾਨਸਭਾ ਸਪੀਕਰ ਦੇ ਨਾਲ ਮੁਲਾਕਾਤ ਕੀਤੀ। ਕਿਸਾਨ ਆਗੂ ਖੁਸ਼ਦੀਪ ਸਰਾਂ ਦੀ ਅਗਵਾਈ ਹੇਠ ਮਿਲੇ ਵਫ਼ਦ ਵਿੱਚ ਪ੍ਰਧਾਨ ਕਸ਼ਮੀਰ ਸਿੰਘ ਡੱਬਵਾਲੀ, ਦਿਲਬਾਗ ਸਿੰਘ ਸਰਾਵਾਂ, ਛਿੰਦਰਾ ਸਿੰਘ ਮਲੋਟ, ਚਰਨਜੀਤ ਸਿੰਘ ਮਲੇਰਕੋਟਲਾ, ਮੁਖਤਿਆਰ ਸਿੰਘ ਜਲਾਲਾਬਾਦ, ਸੁਖਪ੍ਰੀਤ ਸਿੰਘ ਵੜਿੰਗਖੇੜਾ, ਗੁਰਜੰਟ ਸਿੰਘ ਬਠਿੰਡਾ, ਕੌਰ ਸਿੰਘ ਜਗਮਾਲਵਾਲੀ, ਹਰਪ੍ਰੀਤ ਸਿੰਘ ਤਖ਼ਤਮਲ ਅਤੇ ਸਰਵਣ ਸਿੰਘ ਮੁਹਾਲੀ ਨੇ ਸਪੀਕਰ ਨੂੰ ਦੱਸਿਆ ਕਿ ਸਾਲ 2014 ਵਿੱਚ ਪਨਬਸ ਕੰਡਕਟਰ ਦੀ ਭਰਤੀ ਲਈ ਪ੍ਰੀਖਿਆ ਲਈ ਗਈ ਸੀ। ਪ੍ਰੀਖਿਆ ਦਾ ਨਤੀਜਾ ਆਉਣ ਤੋਂ ਬਾਅਦ ਯੋਗਤਾ ਪ੍ਰਾਪਤ ਉਮੀਦਵਾਰਾਂ ਦੀ ਮੈਰਿਟ ਸੂਚੀ ਬਣਾਈ ਗਈ ਸੀ। ਪ੍ਰਧਾਨ ਕਸ਼ਮੀਰ ਸਿੰਘ ਡੱਬਵਾਲੀ ਨੇ ਦੋਸ਼ ਲਗਾਇਆ ਕਿ ਵਿਭਾਗ ਵੱਲੋਂ ਸੂਚੀ ਕਿਸੇ ਅਖ਼ਬਾਰ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਜਨਤਕ ਨਹੀਂ ਕੀਤੀ ਗਈ ਅਤੇ ਭਰਤੀ ਪ੍ਰਕਿਰਿਆ ਵੀ ਪੂਰੀ ਕੀਤੀ ਲਈ ਗਈ। ਉਨ੍ਹਾਂ ਕਿਹਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਫ਼ਦ ਨੂੰ ਵਿਜੀਲੈਂਸ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।