ਖੇਤਰੀ ਪ੍ਰਤੀਨਿਧ
ਬਰਨਾਲਾ, 23 ਜੂਨ
‘ਇਸ ਸਾਲ ਕਿਸਾਨ ਰਵਾਇਤੀ ਝੋਨੇ ਦੀ ਬਿਜਾਈ ਨੂੰ ਛੱਡ ਕੇ ਝੋਨੇ ਦੀ ਸਿੱਧੀ ਬਿਜਾਈ ਅਤੇ ਬੈੱਡ ਬਣਾ ਕੇ ਵੱਟਾਂ ’ਤੇ ਝੋਨਾ ਲਗਾ ਰਹੇ ਹਨ, ਜਿਸਦੇ ਭਵਿੱਖ ਵਿੱਚ ਬਹੁਤ ਵਧੀਆ ਨਤੀਜੇ ਨਿਕਲਣਗੇ, ਇਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਮਿਆਰ ਨੂੰ ਥੋੜਾ ਠੱਲ ਪਏਗੀ, ਉੱਥੇ ਕਣਕ ਦੇ ਨਾੜ ਅਤੇ ਪਰਾਲੀ ਦੀ ਨਾੜ ਨੂੰ ਅੱਗ ਲਗਾ ਕੇ ਪੈਦਾ ਹੋਣ ਵਾਲੀਆਂ ਜ਼ਹਿਰਲੀਆਂ ਗੈਸਾਂ ਤੋਂ ਵਾਤਾਵਰਨ ਨੂੰ ਬਚਾਇਆ ਜਾ ਸਕੇਗਾ।’ ਇਹ ਪ੍ਰਗਟਾਵਾ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਕੀਤਾ। ਉਨਾਂ ਦੱਸਿਆ ਕਿ ਇਸ ਵਾਰ ਪਿੰਡ ਸੇਖਾ ਦੇ ਪਾਲ ਸਿੰਘ ਵੜੈਚ ਵੱਲੋਂ 10 ਏਕੜ ਤੋਂ ਇਲਾਵਾ ਰਣਜੀਤ ਸਿੰਘ ਪਿੰਡ ਠੀਕਰੀਵਾਲ ਨੇ 10 ਏਕੜ, ਅਵਤਾਰ ਸਿੰਘ ਪਿੰਡ ਚੰਨਣਵਾਲ ਵੱਲੋਂ 8.5 ਏਕੜ ਰਕਬੇ ਵਿੱਚ ਝੋਨਾ ਵੱਟਾਂ ’ਤੇ ਲਗਾਇਆ ਗਿਆ ਹੈ। ਭਵਿੱਖ ਵਿੱਚ ਵੱਟਾਂ ’ਤੇ ਝੋਨਾ ਲਗਾਉਣ ਲਈ ਰਕਬਾ ਵਧਣ ਦੀ ਸੰਭਾਵਨਾ ਹੈ।